ਧੂਰੀ, 25 ਅਕਤੂਬਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਸਿੱਖਿਆ ਦੀ ਅਸਲ ਤਾਕਤ ਹੈ ਅਤੇ ਇਹੋ ਬਦਲਾਅ ਅਸੀਂ ਪੰਜਾਬ ਵਿੱਚ ਲਿਆਉਣਾ ਚਾਹੁੰਦੇ ਹਾਂ। ਗਰੀਬੀ ਨੂੰ ਸਿਰਫ਼ ਆਰਥਿਕ ਮਦਦ ਜਾਂ ਰਾਸ਼ਨ ਕਾਰਡਾਂ ਅਤੇ ਹੋਰ ਭਲਾਈ ਯੋਜਨਾਵਾਂ ‘ਤੇ ਨਿਰਭਰ ਰੱਖ ਕੇ ਖ਼ਤਮ ਨਹੀਂ ਕੀਤਾ ਜਾ ਸਕਦਾ। ਅਸਲ ਆਰਥਿਕ ਸਮਰੱਥਾ ਗੁਣਵੱਤਾਪੂਰਨ ਸਿੱਖਿਆ ਨਾਲ ਆਉਂਦੀ ਹੈ, ਜੋ ਬੱਚਿਆਂ ਨੂੰ ਮਾਣਯੋਗ ਕਰੀਅਰ ਬਣਾਉਣ ਅਤੇ ਆਪਣੇ ਪਰਿਵਾਰਾਂ ਦਾ ਭਵਿੱਖ ਸੁਰੱਖਿਅਤ ਕਰਨ ਦੇ ਯੋਗ ਬਣਾਉਂਦੀ ਹੈ।”
ਉਨ੍ਹਾਂ ਅੱਗੇ ਕਿਹਾ, “ਭਲਾਈ ਸਹੂਲਤਾਂ ਸਹਾਰਾ ਦੇ ਸਕਦੀਆਂ ਹਨ ਪਰ ਸਿੱਖਿਆ ਬੱਚਿਆਂ ਨੂੰ ਆਪਣੇ ਪੂਰੇ ਪਰਿਵਾਰ ਦਾ ਭਵਿੱਖ ਬਦਲਣ ਦੀ ਤਾਕਤ ਦਿੰਦੀ ਹੈ। ਆਪਣੇ ਬੱਚਿਆਂ ਨੂੰ ਪੜ੍ਹਾਓ ਅਤੇ ਉਨ੍ਹਾਂ ਨੂੰ ਅਫ਼ਸਰ, ਡਾਕਟਰ ਅਤੇ ਪੇਸ਼ੇਵਰ ਬਣਨ ਵਿੱਚ ਮਦਦ ਕਰੋ ਤਾਂ ਜੋ ਉਹ ਆਪਣੇ ਪਰਿਵਾਰਾਂ ਨੂੰ ਗਰੀਬੀ ਵਿੱਚੋਂ ਬਾਹਰ ਕੱਢ ਸਕਣ। ਜਦੋਂ ਕਿਸੇ ਗਰੀਬ ਘਰ ਦਾ ਬੱਚਾ ਡਾਕਟਰ, ਅਫ਼ਸਰ ਜਾਂ ਸਫ਼ਲ ਪੇਸ਼ੇਵਰ ਬਣਦਾ ਹੈ ਤਾਂ ਇਹ ਪ੍ਰਾਪਤੀ ਨਾ ਸਿਰਫ਼ ਉਸ ਬੱਚੇ ਦੀ ਜ਼ਿੰਦਗੀ ਬਦਲਦੀ ਹੈ, ਸਗੋਂ ਉਸ ਦੇ ਪੂਰੇ ਪਰਿਵਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਵੀ ਸਵਾਰ ਦਿੰਦੀ ਹੈ।”
ਇਸ ਪਵਿੱਤਰ ਦਿਹਾੜੇ ‘ਤੇ ਵੱਡੀ ਗਿਣਤੀ ਵਿੱਚ ਪੁੱਜੀ ਸੰਗਤ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਮਾਵਾਂ, ਭੈਣਾਂ, ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਦਾ ਆਪਣੀਆਂ ਰੋਜ਼ਾਨਾ ਦੀਆਂ ਜ਼ਿੰਮੇਵਾਰੀਆਂ ਦੇ ਬਾਵਜੂਦ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਮੈਂ ਅੱਜ ਸਾਡੇ ਨਾਲ ਜੁੜੀ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸਾਡੀਆਂ ਮਾਵਾਂ, ਭੈਣਾਂ, ਭਰਾਵਾਂ ਅਤੇ ਬੱਚਿਆਂ ਦੀ ਹਾਜ਼ਰੀ ਇਸ ਪਵਿੱਤਰ ਦਿਹਾੜੇ ਨੂੰ ਹੋਰ ਵੀ ਖ਼ਾਸ ਬਣਾਉਂਦੀ ਹੈ।”
ਉਨ੍ਹਾਂ ਕਿਹਾ ਕਿ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਅਤੇ ਹੋਰ ਮਹਾਨ ਰੂਹਾਨੀ ਸ਼ਖ਼ਸੀਅਤਾਂ ਦੀਆਂ ਸਿੱਖਿਆਵਾਂ ਲੋਕਾਂ ਨੂੰ ਇਨਸਾਨੀਅਤ ਅਤੇ ਆਪਸੀ ਸਤਿਕਾਰ ‘ਤੇ ਪਹਿਰਾ ਦੇਣ ਲਈ ਪ੍ਰੇਰਿਤ ਕਰਦੀਆਂ ਰਹਿਣਗੀਆਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਅਤੇ ਦੇਸ਼ ਦੇ ਮਹਾਨ ਸੰਤਾਂ, ਗੁਰੂਆਂ ਅਤੇ ਸ਼ਹੀਦਾਂ ਦਾ ਸੁਨੇਹਾ ਹਮੇਸ਼ਾ ਇੱਕੋ ਰਿਹਾ ਹੈ: ਏਕਤਾ, ਬਰਾਬਰੀ, ਦਇਆ ਅਤੇ ਹਰ ਮਨੁੱਖ ਦਾ ਸਤਿਕਾਰ। ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਨੇ ਦੁਨੀਆ ਨੂੰ ਬਰਾਬਰੀ ਅਤੇ ਧਰਮ ਦਾ ਸੁਨੇਹਾ ਦਿੱਤਾ ਅਤੇ ਸਾਨੂੰ ਯਾਦ ਦਿਵਾਇਆ ਕਿ ਇਨਸਾਨੀਅਤ ਸਭ ਤੋਂ ਉੱਪਰ ਹੈ।”
ਪੰਜਾਬ ਨੂੰ ਉਪਜਾਊ ਜ਼ਮੀਨ ਅਤੇ ਭਾਈਚਾਰਕ ਸਾਂਝ ਦੀ ਅਮੀਰ ਵਿਰਾਸਤ ਵਾਲੀ ਧਰਤੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਇੱਕ ਅਜਿਹੀ ਧਰਤੀ ਹੈ, ਜਿੱਥੇ ਤੁਸੀਂ ਕੋਈ ਵੀ ਬੀਜ ਬੀਜੋਗੇ ਤਾਂ ਉਹ ਉੱਗ ਜਾਵੇਗਾ, ਪਰ ਇੱਥੇ ਨਫ਼ਰਤ ਦੇ ਬੀਜ ਕਦੇ ਨਹੀਂ ਉੱਗਦੇ। ਸਾਡੇ ਲੋਕ ਪਿਆਰ, ਖ਼ੁਸ਼ੀ ਅਤੇ ਭਾਈਚਾਰਕ ਸਾਂਝ ਨਾਲ ਮਿਲ ਕੇ ਤਿਉਹਾਰ ਮਨਾਉਂਦੇ ਹਨ। ਏਕਤਾ ਦੀ ਇਹ ਭਾਵਨਾ ਸਾਡੀ ਸਭ ਤੋਂ ਵੱਡੀ ਤਾਕਤ ਹੈ ਅਤੇ ਸਾਨੂੰ ਹਰ ਕੀਮਤ ‘ਤੇ ਇਸ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਸਰਕਾਰ, ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਤਾਂ ਜੋ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਬੱਚੇ ਵੀ ਅਮੀਰ ਪਰਿਵਾਰਾਂ ਦੇ ਬੱਚਿਆਂ ਨਾਲ ਬਰਾਬਰੀ ਦੇ ਪੱਧਰ ‘ਤੇ ਮੁਕਾਬਲਾ ਕਰ ਸਕਣ। ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਗਰੀਬ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੱਕ ਦੇ ਪ੍ਰੀ-ਮੈਟ੍ਰਿਕ ਅਤੇ ਪੋਸਟ-ਮੈਟ੍ਰਿਕ ਸਕਾਲਰਸ਼ਿਪ ਫੰਡਾਂ ਤੋਂ ਵਾਂਝਾ ਰੱਖਿਆ ਗਿਆ, ਜਿਸ ਨਾਲ ਲੋੜਵੰਦ ਪਰਿਵਾਰਾਂ ਦੀਆਂ ਆਸਾਂ ਨੂੰ ਢਾਹ ਲੱਗੀ ਅਤੇ ਯੋਗ ਬੱਚਿਆਂ ਨੂੰ ਅੱਗੇ ਵਧਣ ਦੇ ਮੌਕਿਆਂ ਤੋਂ ਵਾਂਝਾ ਕੀਤਾ ਗਿਆ।
ਉਨ੍ਹਾਂ ਕਿਹਾ, “ਸਾਡੀ ਸਰਕਾਰ ਪਛੜੇ ਵਰਗਾਂ ਦੇ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸਿੱਖਿਆ ਸਮਾਜਿਕ ਨਿਆਂ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਬਣੇ। ਗਰੀਬੀ ਦੇ ਕਾਰਨ ਕਿਸੇ ਵੀ ਬੱਚੇ ਨੂੰ ਮੌਕਿਆਂ ਤੋਂ ਵਾਂਝਾ ਨਹੀਂ ਰੱਖਿਆ ਜਾਣਾ ਚਾਹੀਦਾ ਅਤੇ ਕਿਸੇ ਵੀ ਵਿਅਕਤੀ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਆਦਰਸ਼ਾਂ ਦਾ ਸੱਚਾ ਸਤਿਕਾਰ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰ ਕੇ ਹੀ ਕੀਤਾ ਜਾ ਸਕਦਾ ਹੈ, ਜਿੱਥੇ ਹਰੇਕ ਵਿਅਕਤੀ ਮਾਣ-ਸਤਿਕਾਰ ਨਾਲ ਜੀ ਸਕੇ ਅਤੇ ਹਰ ਪਰਿਵਾਰ ਸਖ਼ਤ ਮਿਹਨਤ ਅਤੇ ਸਿੱਖਿਆ ਰਾਹੀਂ ਬਿਹਤਰ ਭਵਿੱਖ ਦੀ ਆਸ ਰੱਖ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਅਤੇ ਸਮਾਜਿਕ ਸਦਭਾਵਨਾ, ਭਾਈਚਾਰਕ ਸਾਂਝ ਅਤੇ ਸਮਾਨਤਾ ਨੂੰ ਮਜ਼ਬੂਤ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ।

