ਹਰਿਆਣਾ ਦੇ ਹਿਸਾਰ ਦੇ ਹਾਂਸੀ ਇਲਾਕੇ ‘ਚ ਪ੍ਰੇਮ ਵਿਆਹ ਕਰਨ ਵਾਲੇ ਜੋੜੇ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਗਿਆ। ਪ੍ਰੇਮੀ ਜੋੜੇ ਨੇ ਦੋ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਸੀ। ਅੱਜ ਸਵੇਰੇ ਹਾਂਸੀ ਦੇ ਲਾਲਾ ਹੁਕਮ ਚੰਦ ਜੈਨ ਪਾਰਕ ਵਿੱਚ ਬੈਠਾ ਸੀ, ਜਦੋਂ ਬਾਈਕ ਸਵਾਰ ਦੋ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ਾਂ ਨੇ ਦੋਵਾਂ ‘ਤੇ 7 ਰਾਊਂਡ ਫਾਇਰ ਕੀਤੇ ਤੇ ਫਰਾਰ ਹੋ ਗਏ। ਇਸ ਹਮਲੇ ‘ਚ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਹਿਸਾਰ ਜ਼ਿਲ੍ਹੇ ਦੇ ਪਿੰਡ ਬਡਾਲਾ ਦੇ ਰਹਿਣ ਵਾਲੇ ਤੇਜਵੀਰ ਵਜੋਂ ਹੋਈ ਹੈ ਅਤੇ ਲੜਕੀ ਦੀ ਪਛਾਣ ਹਾਂਸੀ ਦੇ ਪਿੰਡ ਸੁਲਤਾਨਪੁਰ ਦੀ ਰਹਿਣ ਵਾਲੀ ਮੀਨਾ ਵਜੋਂ ਹੋਈ ਹੈ। ਦੋ ਮਹੀਨੇ ਪਹਿਲਾਂ ਹੀ ਦੋਵਾਂ ਦਾ ਵਿਆਹ ਹੋਇਆ ਸੀ। ਤੇਜਵੀਰ ਨੋਇਡਾ ‘ਚ ਇਕ ਕੰਪਨੀ ‘ਚ ਕੰਮ ਕਰਦਾ ਸੀ।
ਦੋ ਵੱਖ-ਵੱਖ ਹਥਿਆਰਾਂ ਨਾਲ ਮਾਰੀਆਂ 7 ਗੋਲ਼ੀਆਂ
ਐਸਪੀ ਮਕਸੂਦ ਅਹਿਮਦ ਨੇ ਦੱਸਿਆ ਕਿ ਦੋਵਾਂ ਨੇ 22 ਅਪ੍ਰੈਲ ਨੂੰ ਯੂਪੀ ਦੇ ਗਾਜ਼ੀਆਬਾਦ ਵਿਚ ਵਿਆਹ ਕੀਤਾ ਸੀ। ਦੋਵੇਂ ਆਪਸ ਵਿਚ ਰਿਸ਼ਤੇਦਾਰ ਹਨ। ਪਰਿਵਾਰ ਵਾਲੇ ਇਸ ਗੱਲੋਂ ਨਾਰਾਜ਼ ਸਨ। ਮੌਕੇ ਉਤੇ 7 ਖੋਲ ਬਰਾਮਦ ਹੋਏ ਹਨ। ਸਰੀਰ ਉਤੇ 4-5 ਗੋਲ਼ੀਆਂ ਦੇ ਨਿਸ਼ਾਨ ਦਿਖ ਰਹੇ ਹਨ। ਬਾਕੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ।
ਐਸਪੀ ਮਕਸੂਦ ਅਹਿਮਦ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋਵਾਂ ਕੋਲ ਵੱਖ-ਵੱਖ ਹਥਿਆਰ ਸਨ, ਕਿਉਂਕਿ ਖੋਲ ਵੱਖ-ਵੱਖ ਹਥਿਆਰਾਂ ਦੇ ਹਨ। ਹਾਲੇ ਸਿਰਫ਼ ਮੁੰਡੇ ਦੇ ਪਰਿਵਾਰ ਵਾਲੇ ਆਏ ਹਨ। ਕੁੜੀ ਦੇ ਪਰਿਵਾਰ ਕੋਲੋਂ ਪੁੱਛਗਿਛ ਲਈ ਟੀਮ ਭੇਜੀ ਗਈ ਹੈ।

ਮਾਮੇ ਦੇ ਸਾਲੇ ਦੀ ਕੁੜੀ ਨਾਲ ਕਰਵਾਇਆ ਸੀ ਪ੍ਰੇਮ ਵਿਆਹ
ਪੁਲਿਸ ਸੂਤਰਾਂ ਮੁਤਾਬਕ ਮੀਨਾ ਆਪਣੇ ਪਤੀ ਤੇਜਬੀਰ ਦੇ ਮਾਮਲਾ ਦੇ ਸਾਲੇ ਦੀ ਕੁੜੀ ਹੈ। ਦੋ ਮਹੀਨੇ ਪਹਿਲਾਂ ਹੀ ਦੋਵੇਂ ਘਰੋਂ ਭੱਜ ਗਏ ਸਨ। ਮੀਨਾ ਦੇ ਘਰਵਾਲੇ ਕਾਫੀ ਨਾਰਾਜ਼ ਸਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕਾਰਾ ਕੁੜੀ ਦੇ ਪਰਿਵਾਰ ਵਾਲਿਆਂ ਦਾ ਹੈ।
