ਚੰਡੀਗੜ੍ਹ/ਪਠਾਨਕੋਟ: ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਸਟੇਟ ਵਿਜੀਲੈਂਸ ਬਿਊਰੋ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਨ੍ਹਾਂ ਨੇ ਪਠਾਨਕੋਟ ਜ਼ਿਲ੍ਹੇ ਦੇ ਥਾਣਾ ਧਾਰ ਕਲਾਂ ਵਿਖੇ ਤਾਇਨਾਤ ਐੱਸ.ਐੱਚ.ਓ. ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਦੋਸ਼ੀ ਪੁਲਿਸ ਅਧਿਕਾਰੀ ਵੱਲੋਂ ਕੁੱਲ ਢਾਈ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ, ਜਿਸ ਦੀ ਪਹਿਲੀ ਕਿਸ਼ਤ ਵਜੋਂ ਇਹ ਪੈਸੇ ਲਏ ਜਾ ਰਹੇ ਸਨ।
ਕੀ ਹੈ ਪੂਰਾ ਮਾਮਲਾ?
ਵਿਜੀਲੈਂਸ ਬਿਊਰੋ ਦੇ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਸਤਾਬਕ, ਇਹ ਗ੍ਰਿਫ਼ਤਾਰੀ ਅੰਮ੍ਰਿਤਸਰ ਦੇ ਇੱਕ ਸੇਵਾਮੁਕਤ ਐੱਲ.ਆਈ.ਸੀ. (LIC) ਮੈਨੇਜਰ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪਠਾਨਕੋਟ ਦੇ ਪਿੰਡ ਢਾਂਗੂ ਸਾਰਾ ਵਿਖੇ ਸਥਿਤ ਉਸਦੇ ਭਰਾ ਦੇ ਰੈਸਟੋਰੈਂਟ ‘ਤੇ ਕੁਝ ਵਿਵਾਦ ਹੋ ਗਿਆ ਸੀ। ਇਸ ਘਟਨਾ ਸਬੰਧੀ ਥਾਣਾ ਧਾਰ ਕਲਾਂ ਵਿਖੇ ਕੁਝ ਕਰਮਚਾਰੀਆਂ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਸ਼ਿਕਾਇਤਕਰਤਾ ਦਾ ਨਾਂ ਵੀ ਬਤੌਰ ਸ਼ੱਕੀ ਦਰਜ ਕਰ ਲਿਆ ਗਿਆ ਸੀ।
ਕੇਸ ਵਿੱਚੋਂ ਨਾਂ ਕੱਢਣ ਬਦਲੇ ਮੰਗੀ ਸੀ ਮੋਟੀ ਰਕਮ
ਆਪਣਾ ਨਾਂ ਇਸ ਮਾਮਲੇ ਵਿੱਚੋਂ ਬਾਹਰ ਕੱਢਣ ਲਈ ਇੰਸਪੈਕਟਰ ਗੁਲਸ਼ਨ ਕੁਮਾਰ ਨੇ ਸ਼ਿਕਾਇਤਕਰਤਾ ਕੋਲੋਂ ਪਹਿਲਾਂ 5 ਲੱਖ ਰੁਪਏ ਦੀ ਰਿਸ਼ਵਤ ਮੰਗੀ। ਬਾਅਦ ਵਿੱਚ ਸੌਦੇਬਾਜ਼ੀ ਤਹਿਤ ਇਹ ਰਕਮ ਘਟਾ ਕੇ 2,50,000 ਰੁਪਏ ਕਿਸ਼ਤਾਂ ਵਿੱਚ ਦੇਣ ‘ਤੇ ਤੈਅ ਹੋਈ, ਜਿਸ ਦੀ ਪਹਿਲੀ ਕਿਸ਼ਤ ਵਜੋਂ 1 ਲੱਖ ਰੁਪਏ ਅਦਾ ਕੀਤੇ ਜਾਣੇ ਸਨ। ਪੀੜਤ ਵਿਅਕਤੀ ਨੇ ਰਿਸ਼ਵਤ ਦੀ ਮੰਗ ਨਾਲ ਜੁੜੀ ਸਾਰੀ ਗੱਲਬਾਤ ਰਿਕਾਰਡ ਕਰਕੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ।
ਵਿਜੀਲੈਂਸ ਟੀਮ ਨੇ ਦੋ ਸਰਕਾਰੀ ਗਵਾਹਾਂ ਸਾਹਮਣੇ ਦਬੋਚਿਆ
ਸ਼ਿਕਾਇਤ ਦੀ ਸੱਚਾਈ ਸਾਹਮਣੇ ਆਉਣ ‘ਤੇ ਵਿਜੀਲੈਂਸ ਬਿਊਰੋ ਯੂਨਿਟ ਪਠਾਨਕੋਟ ਦੀ ਟੀਮ ਨੇ ਤੁਰੰਤ ਜਾਲ ਵਿਛਾਇਆ। ਯੋਜਨਾ ਮੁਤਾਬਕ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਇੰਸਪੈਕਟਰ ਗੁਲਸ਼ਨ ਕੁਮਾਰ ਨੂੰ ਸ਼ਿਕਾਇਤਕਰਤਾ ਤੋਂ 1,00,000 ਰੁਪਏ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ ਅਤੇ ਰਕਮ ਵੀ ਬਰਾਮਦ ਕਰ ਲਈ ਗਈ।
ਮਾਮਲਾ ਦਰਜ, ਅੱਗੇ ਦੀ ਜਾਂਚ ਜਾਰੀ
ਵਿਜੀਲੈਂਸ ਬਿਊਰੋ ਦੇ ਅੰਮ੍ਰਿਤਸਰ ਸਥਿਤ ਥਾਣੇ ਵਿੱਚ ਉਕਤ ਭ੍ਰਿਸ਼ਟ ਪੁਲਿਸ ਅਧਿਕਾਰੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਅਪਰਾਧਿਕ ਮਾਮਲਾ ਦਰਜ ਕਰ ਲਿਆ ਗਿਆ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਵਿੱਚ ਸ਼ਾਮਲ ਹੋਰਨਾਂ ਪੱਖਾਂ ਦਾ ਵੀ ਪਤਾ ਲਗਾਇਆ ਜਾ ਸਕੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ANTF ਬਠਿੰਡਾ ਦੀ ਵੱਡੀ ਕਾਰਵਾਈ: ਜਲਾਲਾਬਾਦ ਵਿੱਚੋਂ 51,500 ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


