ਸ੍ਰੀਲੰਕਾ : ਸ੍ਰੀਲੰਕਾ ਕ੍ਰਿਕਟ ਜਗਤ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਟੀਮ ਦੇ ਤਜਰਬੇਕਾਰ ਆਲਰਾਊਂਡਰ ਅਤੇ ਟੈਸਟ ਕਪਤਾਨ ਧਨੰਜਯ ਡਿਸਿਲਵਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵੀਰਵਾਰ ਨੂੰ ਆਪਣੇ ਇਸ ਫ਼ੈਸਲੇ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਟੀਮ ਦੀ ਅਗਵਾਈ ਅਗਲੀ ਪੀੜ੍ਹੀ ਨੂੰ ਸੌਂਪੀ ਜਾਵੇ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਹ ਭਵਿੱਖ ਵਿੱਚ ਵੀ ਇੱਕ ਖਿਡਾਰੀ ਵਜੋਂ ਚੋਣ ਲਈ ਉਪਲਬਧ ਰਹਿਣਗੇ।
ਜਨਵਰੀ 2024 ਵਿੱਚ ਸੰਭਾਲੀ ਸੀ ਕਮਾਨ
ਸਾਲ 2024 ਦੇ ਸ਼ੁਰੂ ਵਿੱਚ ਟੈਸਟ ਟੀਮ ਦੀ ਕਪਤਾਨੀ ਸੰਭਾਲਣ ਵਾਲੇ ਧਨੰਜਯ ਡਿਸਿਲਵਾ ਨੇ ਸ੍ਰੀਲੰਕਾ ਕ੍ਰਿਕਟ (SLC) ਦੇ ਚੋਣ ਪੈਨਲ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਆਪਣੇ ਪੱਤਰ ਵਿੱਚ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟੀਮ ਦੇ ਹਿੱਤ ਵਿੱਚ ਇਹ ਸਭ ਤੋਂ ਉੱਤਮ ਹੈ ਕਿ ਕਪਤਾਨੀ ਦੀ ਜ਼ਿੰਮੇਵਾਰੀ ਹੁਣ ਨੌਜਵਾਨਾਂ ਨੂੰ ਸੌਂਪੀ ਜਾਵੇ। ਸ੍ਰੀਲੰਕਾ ਕ੍ਰਿਕਟ ਦੇ ਸੀ.ਈ.ਓ. ਐਸ਼ਲੇ ਡਿਸਿਲਵਾ ਨੇ ਕ੍ਰਿਕਟ ਦੇ ਇਸ ਸਭ ਤੋਂ ਲੰਬੇ ਫਾਰਮੈਟ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਤਾਰੀਫ਼ ਕੀਤੀ ਅਤੇ ਬਾਕੀ ਬਚੇ ਕ੍ਰਿਕਟ ਕਰੀਅਰ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਕਪਤਾਨ ਵਜੋਂ ਪ੍ਰਦਰਸ਼ਨ ਅਤੇ ਯਾਦਗਾਰੀ ਜਿੱਤਾਂ
ਦਿਮੁਥ ਕਰੁਣਾਰਤਨੇ ਤੋਂ ਬਾਅਦ ਕਪਤਾਨੀ ਦਾ ਆਹੁਦਾ ਸੰਭਾਲਣ ਵਾਲੇ ਡਿਸਿਲਵਾ ਨੇ ਕੁੱਲ 18 ਟੈਸਟ ਮੈਚਾਂ ਵਿੱਚ ਸ੍ਰੀਲੰਕਾ ਦੀ ਅਗਵਾਈ ਕੀਤੀ, ਜਿਸ ਵਿੱਚੋਂ ਟੀਮ ਨੂੰ 7 ਮੈਚਾਂ ਵਿੱਚ ਜਿੱਤ ਨਸੀਬ ਹੋਈ। ਫਰਵਰੀ 2024 ਵਿੱਚ ਅਫ਼ਗਾਨਿਸਤਾਨ ਵਿਰੁੱਧ ਉਨ੍ਹਾਂ ਦੀ ਕਪਤਾਨੀ ਦੀ ਸ਼ੁਰੂਆਤ ਸ਼ਾਨਦਾਰ ਰਹੀ ਅਤੇ ਟੀਮ ਨੇ 10 ਵਿਕਟਾਂ ਨਾਲ ਮੈਚ ਜਿੱਤਿਆ। ਉਨ੍ਹਾਂ ਦੀ ਅਗਵਾਈ ਹੇਠ ਸ੍ਰੀਲੰਕਾ ਨੇ ਬੰਗਲਾਦੇਸ਼ ਨੂੰ ਉਨ੍ਹਾਂ ਦੀ ਹੀ ਧਰਤੀ ਉੱਤੇ 2-0 ਨਾਲ ਹਰਾਇਆ।
ਸਾਲ 2014 ਤੋਂ ਬਾਅਦ ਇੰਗਲੈਂਡ ਦੀ ਧਰਤੀ ‘ਤੇ ਓਵਲ ਦੇ ਮੈਦਾਨ ਵਿੱਚ ਇਤਿਹਾਸਕ ਟੈਸਟ ਜਿੱਤ ਦਰਜ ਕਰਨ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ। ਘਰੇਲੂ ਮੈਦਾਨ ‘ਤੇ ਨਿਊਜ਼ੀਲੈਂਡ ਨੂੰ 2-0 ਨਾਲ ਹਰਾਉਣਾ ਉਨ੍ਹਾਂ ਦੀ ਕਪਤਾਨੀ ਦੀਆਂ ਵੱਡੀਆਂ ਪ੍ਰਾਪਤੀਆਂ ਵਿੱਚ ਸ਼ਾਮਲ ਹੈ।
ਮੁਸ਼ਕਲ ਦੌਰ ਅਤੇ ਕਪਤਾਨੀ ਦਾ ਅੰਤ
ਸਾਲ 2024 ਦੇ ਅੰਤ ਅਤੇ 2025 ਦੀ ਸ਼ੁਰੂਆਤ ਵਿੱਚ ਸ੍ਰੀਲੰਕਾ ਦੀ ਟੀਮ ਨੂੰ ਸਾਊਥ ਅਫ਼ਰੀਕਾ ਅਤੇ ਆਸਟ੍ਰੇਲੀਆ ਦੇ ਦੌਰਿਆਂ ‘ਤੇ ਲਗਾਤਾਰ ਚਾਰ ਟੈਸਟ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਵੈਸਟਇੰਡੀਜ਼ ਅਤੇ ਫਿਰ ਘਰੇਲੂ ਮੈਦਾਨ ‘ਤੇ ਭਾਰਤ ਖ਼ਿਲਾਫ਼ ਵੀ ਸੀਰੀਜ਼ ਹੱਥੋਂ ਨਿਕਲ ਗਈ। ਭਾਰਤ ਖ਼ਿਲਾਫ਼ ਆਖ਼ਰੀ ਟੈਸਟ ਸੀਰੀਜ਼ 0-1 ਨਾਲ ਹਾਰਨ ਦੇ ਬਾਵਜੂਦ ਕੋਲੰਬੋ ਟੈਸਟ ਡਰਾਅ ਰਿਹਾ, ਜਿੱਥੇ ਸੋਨਲ ਦਿਨੁਸ਼ਾ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਟੀਮ ਨੂੰ ਕਲੀਨ ਸਵੀਪ ਹੋਣ ਤੋਂ ਬਚਾ ਲਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



