ਮੋਗਾ: ਜ਼ਿਲ੍ਹੇ ਦੇ ਮੋਗਾ-ਬਾਘਾਪੁਰਾਣਾ ਮੁੱਖ ਮਾਰਗ ‘ਤੇ ਪਿੰਡ ਸਿੰਘਾਂਵਾਲਾ ਨੇੜੇ ਇੱਕ ਦਿਲ ਨੂੰ ਦੁਖਾਉਣ ਵਾਲਾ ਸੜਕ ਹਾਦਸਾ ਸਾਹਮਣੇ ਆਇਆ ਹੈ। ਤੇਜ਼ ਰਫ਼ਤਾਰ ਕੈਂਟਰ ਨਾਲ ਮੋਟਰਸਾਈਕਲ ਦੀ ਟੱਕਰ ਕਾਰਨ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਿਸ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਹਾਦਸਾ ਦਿਨ ਵੇਲੇ ਕਰੀਬ 12 ਵਜੇ ਵਾਪਰਿਆ। ਲਗਭਗ 20 ਤੋਂ 22 ਸਾਲ ਦੀ ਉਮਰ ਦੇ ਦੋਵੇਂ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬਾਘਾਪੁਰਾਣਾ ਤੋਂ ਮੋਗਾ ਵੱਲ ਜਾ ਰਹੇ ਸਨ। ਪਿੰਡ ਸਿੰਘਾਂਵਾਲਾ ਦੇ ਕੋਲ ਪਹੁੰਚਦਿਆਂ ਹੀ ਉਨ੍ਹਾਂ ਦਾ ਮੋਟਰਸਾਈਕਲ ਅਚਾਨਕ ਅੱਗੇ ਜਾ ਰਹੇ ਇੱਕ ਕੈਂਟਰ ਨਾਲ ਪਿੱਛੇ ਤੋਂ ਜ਼ਬਰਦਸਤ ਤਰੀਕੇ ਨਾਲ ਜਾ ਟਕਰਾਇਆ। ਟੱਕਰ ਇੰਨੀ ਖ਼ਤਰਨਾਕ ਸੀ ਕਿ ਇੱਕ ਨੌਜਵਾਨ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਅਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਐੱਸਐੱਫ (SSF) ਦੀ ਟੀਮ ਤੁਰੰਤ ਹਰਕਤ ਵਿੱਚ ਆਈ ਅਤੇ ਮੌਕੇ ‘ਤੇ ਪਹੁੰਚ ਕੇ ਗੰਭੀਰ ਜ਼ਖ਼ਮੀ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਮੋਗਾ ਵਿਖੇ ਦਾਖ਼ਲ ਕਰਵਾਇਆ। ਪਰ ਡਾਕਟਰਾਂ ਦੀ ਸਖ਼ਤ ਕੋਸ਼ਿਸ਼ਾਂ ਦੇ ਬਾਵਜੂਦ ਜ਼ਖ਼ਮੀ ਨੌਜਵਾਨ ਇਲਾਜ ਦੌਰਾਨ ਆਪਣੀ ਜਾਨ ਨਹੀਂ ਬਚਾ ਸਕਿਆ ਅਤੇ ਉਸ ਦੀ ਵੀ ਮੌਤ ਹੋ ਗਈ।
ਹਾਦਸੇ ਵਿੱਚ ਜਾਨ ਗਵਾਉਣ ਵਾਲੇ ਦੋਵਾਂ ਨੌਜਵਾਨਾਂ ਦੀ ਪਛਾਣ ਕ੍ਰਿਸ਼ਨ ਸਿੰਘ ਪੁੱਤਰ ਬਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਪੁੱਤਰ ਸ਼ਿਵਰਾਜ ਸਿੰਘ ਵਜੋਂ ਹੋਈ ਹੈ, ਜੋ ਕਿ ਦੋਵੇਂ ਬਾਘਾਪੁਰਾਣਾ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦਾ ਇਸ ਅਚਾਨਕ ਵਾਪਰੇ ਭਾਣੇ ਕਾਰਨ ਰੋ-ਰੋ ਕੇ ਬੁਰਾ ਹਾਲ ਹੈ।
ਸੂਚਨਾ ਮਿਲਣ ‘ਤੇ ਮੋਕ ਪੁਲਿਸ ਨੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਮੋਗਾ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਜਾਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



