ਚੰਡੀਗੜ੍ਹ ਵਿੱਚ ਨਸ਼ਾ ਤਸਕਰੀ ਦਾ ਵੱਡਾ ਪਰਦਾਫਾਸ਼: ਹਰ ਮਹੀਨੇ 8 ਕਿਲੋ ਹੈਰੋਇਨ ਖਪਾਉਣ ਵਾਲਾ ਗ੍ਰਿਫਤਾਰ

ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਅਤੇ ਆਪ੍ਰੇਸ਼ਨ ਸੈੱਲ ਨੇ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਇੱਕ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ…

ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਅਤੇ ਆਪ੍ਰੇਸ਼ਨ ਸੈੱਲ ਨੇ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਇੱਕ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 4 ਤਸਕਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੇ ਕਬਜ਼ੇ ਵਿੱਚੋਂ 1 ਕਿਲੋ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਕਾਰਵਾਈ ਇੰਸਪੈਕਟਰ ਹਰਿੰਦਰ ਸੇਖੋਂ ਅਤੇ ਇੰਸਪੈਕਟਰ ਗੁਰਜੀਵਨ ਚਹਿਲ ਦੀ ਅਗਵਾਈ ਹੇਠ ਅੰਜਾਮ ਦਿੱਤੀ ਗਈ।

ਪਾਕਿਸਤਾਨੀ ਸਰਹੱਦ ਤੋਂ ਪੰਜਾਬ ਦੇ ਰਸਤੇ ਚੰਡੀਗੜ੍ਹ ਤੱਕ ਨੈੱਟਵਰਕ

ਮੁਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਇਹ ਨੈੱਟਵਰਕ ਬਹੁਤ ਵੱਡੇ ਪੱਧਰ ‘ਤੇ ਸਰਗਰਮ ਸੀ। ਪਾਕਿਸਤਾਨੀ ਸਰਹੱਦ ਤੋਂ ਪੰਜਾਬ ਦੇ ਰਸਤੇ ਇਹ ਹੈਰੋਇਨ ਚੰਡੀਗੜ੍ਹ ਪਹੁੰਚਾਈ ਜਾਂਦੀ ਸੀ। ਪੁਲਿਸ ਰਿਪੋਰਟ ਮੁਤਾਬਕ, ਇਸ ਗਿਰੋਹ ਵੱਲੋਂ ਇਕੱਲੇ ਚੰਡੀਗੜ੍ਹ ਸ਼ਹਿਰ ਵਿੱਚ ਹੀ ਹਰ ਮਹੀਨੇ ਕਰੀਬ 8 ਕਿਲੋ ਹੈਰੋਇਨ ਖਪਾਈ ਕੀਤੀ ਜਾ ਰਹੀ ਸੀ।

ਮੁੱਖ ਦੋਸ਼ੀਆਂ ਦੇ ਪੁਰਾਣੇ ਅਪਰਾਧਿਕ ਰਿਕਾਰਡ ਅਤੇ ਸਰਹੱਦੀ ਲਿੰਕ

ਪੁਲਿਸ ਦੀ ਪੁੱਛਗਿੱਛ ਦੌਰਾਨ ਗਿਰੋਹ ਦੇ ਕਈ ਅਹਿਮ ਖੁਲਾਸੇ ਹੋਏ ਹਨ:

ਗੁਰਲਾਲ ਉਰਫ਼ ਲਾਲ: ਇਹ ਮੁੱਖ ਤਸਕਰ ਪਿਛਲੇ 8 ਸਾਲਾਂ ਤੋਂ ਇਸ ਗੈਰ-ਕਾਨੂੰਨੀ ਧੰਦੇ ਵਿੱਚ ਸਰਗਰਮ ਸੀ ਅਤੇ ਮੁੱਖ ਤੌਰ ‘ਤੇ ਮਲੋਆ ਅਤੇ ਸੈਕਟਰ-56 ਦੇ ਇਲਾਕਿਆਂ ਵਿੱਚ ਹੈਰੋਇਨ ਦੀ ਸਪਲਾਈ ਕਰਦਾ ਸੀ।

ਗੁਰਸਾਬ ਉਰਫ਼ ਸਾਬਾ: ਜਾਂਚ ਦੌਰਾਨ ਇਸਦੇ ਤਾਰ ਮੋਗਾ ਦੇ ਰਹਿਣ ਵਾਲੇ ਹਰਦੀਪ ਸਿੰਘ ਉਰਫ਼ ਦੀਪ ਨਾਲੁ ਜੁੜੇ ਹੋਏ ਪਾਏ ਗਏ ਹਨ, ਜਿਸਦੇ ਤਾਰ ਸਿੱਧੇ ਤੌਰ ‘ਤੇ ਸਰਹੱਦ ਪਾਰ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ। ਦੀਪ ਖ਼ਿਲਾਫ਼ ਪਹਿਲਾਂ ਹੀ ਕਤਲ ਵਰਗੇ ਗੰਭੀਰ ਮਾਮਲੇ ਦਰਜ ਹਨ।

ਹੋਰ ਕਨੈਕਸ਼ਨ: ਫੜੇ ਗਏ ਦੋਸ਼ੀਆਂ ਵਿੱਚੋਂ ਇੱਕ ਅਰਸ਼ਦੀਪ ਵੀ ਸ਼ਾਮਲ ਹੈ, ਜਿਸਦਾ ਪਿਤਾ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਦੇ ਅਹੁਦੇ ‘ਤੇ ਤਾਇਨਾਤ ਹੈ।

ਪੁਲਿਸ ਦੀ ਅੱਗੇ ਦੀ ਕਾਰਵਾਈ

ਚੰਡੀਗੜ੍ਹ ਪੁਲਿਸ ਵੱਲੋਂ ਫੜੇ ਗਏ ਚਾਰਾਂ ਤਸਕਰਾਂ ਨੂੰ ਰਿਮਾਂਡ ‘ਤੇ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਗਿਰੋਹ ਦੇ ਬਾਕੀ ਸਾਥੀਆਂ ਅਤੇ ਹੋਰ ਸਪਲਾਇਰਾਂ ਤੱਕ ਪਹੁੰਚ ਕੇ ਇਸ ਪੂਰੇ ਨੈੱਟਵਰਕ ਦੀ ਜੜ੍ਹ ਨੂੰ ਖ਼ਤਮ ਕੀਤਾ ਜਾਵੇਗਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

खनन विभाग द्वारा दो स्थानों पर अवैध खनन का पर्दाफाश: बरिंदर कुमार गोयल

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *