ਪੰਚਕੂਲਾ : ਹਰਿਆਣਾ ਦੇ ਪੰਚਕੂਲਾ ਸਥਿਤ ਇੱਕ ਕਲੱਬ ਵਿੱਚ ਕ੍ਰਾਈਮ ਬ੍ਰਾਂਚ ਦੇ ਇੱਕ ਇੰਸਪੈਕਟਰ ਵੱਲੋਂ ਸ਼ਰਾਬ ਦੇ ਨਸ਼ੇ ਵਿੱਚ ਜੰਮ ਕੇ ਹੰਗਾਮਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਲੱਬ ਦੇ ਮਾਲਕ ਦੇ ਦੋਸ਼ਾਂ ਮੁਤਾਬਕ ਉਕਤ ਇੰਸਪੈਕਟਰ ਦੇਰ ਰਾਤ ਨਸ਼ੇ ਵਿੱਚ ਧੁੱਤ ਹੋ ਕੇ ਕਲੱਬ ਵਿੱਚ ਦਾਖ਼ਲ ਹੋਇਆ ਅਤੇ ਉਸਨੇ ਗੇਟ ‘ਤੇ ਖੜ੍ਹੇ ਬਾਉਂਸਰਾਂ ਨਾਲ ਬਦਤਮੀਜ਼ੀ ਕਰਨ ਤੋਂ ਬਾਅਦ ਅੰਦਰ ਜਾ ਕੇ ਸਟਾਫ਼ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਭਾਰੀ ਸਨਸਨੀ ਫੈਲ ਗਈ ਹੈ।
ਚੈਕਿੰਗ ਦੇ ਨਾਂ ‘ਤੇ ਸਟਾਫ਼ ਨਾਲ ਬਦਤਮੀਜ਼ੀ ਅਤੇ ਕੀਤਾ ਡਰਾਮਾ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸੈਕਟਰ-5 ਸਥਿਤ ‘ABA ਕਲੱਬ’ ਵਿੱਚ 27 ਸਤੰਬਰ ਦੀ ਰਾਤ ਨੂੰ ਵਾਪਰੀ। ਕਲੱਬ ਦੇ ਮਾਲਕ ਜਸ਼ਨ ਬਾਜਵਾ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਦਾ ਇੰਸਪੈਕਟਰ ਅਜੀਤ ਇਕੱਲਾ ਹੀ ਕਲੱਬ ਵਿੱਚ ਦਾਖ਼ਲ ਹੋਇਆ ਅਤੇ ਚੈਕਿੰਗ ਦੇ ਨਾਂ ‘ਤੇ ਸਟਾਫ਼ ਨਾਲ ਬਦਤਮੀਜ਼ੀ ਕਰਨ ਲੱਗ ਪਿਆ। ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਕਰੀਬ ਦੋ ਘੰਟੇ ਤੱਕ ਕਲੱਬ ਵਿੱਚ ਹਾਈਵੋਲਟੇਜ ਡਰਾਮਾ ਕੀਤਾ ਅਤੇ ਆਪਣੇ ਸਾਥੀ ਪੁਲਿਸਕਰਮੀਆਂ ਨੂੰ ਵੀ ਮੌਕੇ ‘ਤੇ ਬੁਲਾ ਲਿਆ।
ਫਲੋਰ ‘ਤੇ ਨੱਚ ਰਹੀਆਂ ਕੁੜੀਆਂ ਦੀ ਬਣਾਈ ਵੀਡੀਓ
ਕਲੱਬ ਮਾਲਕ ਦਾ ਗੰਭੀਰ ਦੋਸ਼ ਹੈ ਕਿ ਇੰਸਪੈਕਟਰ ਨੇ ਕਲੱਬ ਦੇ ਸ਼ੈੱਫ ਨਾਲ ਕੁੱਟਮਾਰ ਕੀਤੀ ਅਤੇ ਡਾਂਸ ਫਲੋਰ ‘ਤੇ ਜਾ ਕੇ ਉੱਥੇ ਨੱਚ ਰਹੀਆਂ ਕੁੜੀਆਂ ਦੀਆਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਸਟਾਫ਼ ਨੇ ਇਸ ਦਾ ਵਿਰੋਧ ਕੀਤਾ ਤਾਂ ਉਹ ਹੋਰ ਭੜਕ ਉਠਿਆ। ਘਟਨਾ ਨਾਲ ਜੁੜੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕਲੱਬ ਦੇ ਬਾਹਰ ਪੁਲਿਸ ਦੀ ਗੱਡੀ ਨਜ਼ਰ ਆ ਰਹੀ ਹੈ ਅਤੇ ਸਿਵਲ ਕੱਪੜਿਆਂ ਵਿੱਚ ਕੁਝ ਨੌਜਵਾਨ ਦਿਖਾਈ ਦੇ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਦੇ ਮੋਢੇ ‘ਤੇ ਬੰਦੂਕ ਵੀ ਟੰਗੀ ਹੋਈ ਸੀ।
ਸਿਕਾਇਤ ਮਗਰੋਂ ਇੰਸਪੈਕਟਰ ਸਸਪੈਂਡ
ਹਾਲਾਤ ਵਿਗੜਦੇ ਦੇਖ ਕਲੱਬ ਮਾਲਕ ਵੱਲੋਂ ਤੁਰੰਤ ਸੈਕਟਰ-5 ਥਾਣਾ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮਾਲਕ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਉੱਚ ਅਧਿਕਾਰੀਆਂ ਨੇ ਮੁਲਜ਼ਮ ਇੰਸਪੈਕਟਰ ਅਜੀਤ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ‘ਤੇ ਅੱਗੇ ਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



