ਬਨਾਰਸ : ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ‘ Miss Pretty India’ (2024) ਦਾ ਖ਼ਿਤਾਬ ਜਿੱਤਣ ਵਾਲੀ 30 ਸਾਲਾ ਨਿਧੀ ਤਿਵਾਰੀ ਨੇ ਮੱਧ ਪ੍ਰਦੇਸ਼ ਦੇ ਸਿੰਗਰੌਲੀ ਵਿੱਚ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਹੈ। ਮੂਲ ਰੂਪ ਵਿੱਚ ਵਾਰਾਣਸੀ ਦੀ ਰਹਿਣ ਵਾਲੀ ਨਿਧੀ ਆਪਣੀ ਮਾਂ ਅਤੇ ਛੋਟੀ ਭੈਣ ਨਾਲ ਸਿੰਗਰੌਲੀ ਇਲਾਕੇ ਵਿੱਚ ਰਹਿੰਦੀ ਸੀ। ਐਤਵਾਰ ਸਵੇਰੇ ਉਸ ਦੀ ਲਾਸ਼ ਕਮਰੇ ਵਿੱਚੋਂ ਸ਼ੱਕੀ ਹਾਲਤ ਵਿੱਚ ਮਿਲੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਸੋਸ਼ਲ ਮੀਡੀਆ ‘ਤੇ ਵੱਡੀ ਫੈਨ ਫਾਲੋਇੰਗ
ਨਿਧੀ ਤਿਵਾੜੀ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਸੀ ਅਤੇ ਗੀਤਾਂ ‘ਤੇ ਡਾਂਸ ਰੀਲਜ਼ ਬਣਾ ਕੇ ਸ਼ੇਅਰ ਕਰਦੀ ਸੀ। ਫੇਸਬੁੱਕ ‘ਤੇ ਉਸ ਦੇ 9 ਲੱਖ 28 ਹਜ਼ਾਰ ਅਤੇ ਇੰਸਟਾਗ੍ਰਾਮ ‘ਤੇ 7 ਲੱਖ 12 ਹਜ਼ਾਰ ਤੋਂ ਵੱਧ ਫਾਲੋਅਰਜ਼ ਸਨ। ਉਹ ਸਥਾਨਕ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਂਦੀ ਸੀ ਅਤੇ ਉਸ ਦਾ ਮੁੱਖ ਸੁਪਨਾ ਫਿਲਮਾਂ ਵਿੱਚ ਬਤੌਰ ਅਦਾਕਾਰਾ ਕੰਮ ਕਰਨ ਦਾ ਸੀ।
ਮੌਤ ਤੋਂ ਪਹਿਲਾਂ ਸ਼ੇਅਰ ਕੀਤੀ ਭਾਵੁਕ ਪੋਸਟ
ਪੁਲਿਸ ਮੁਤਾਬਕ, ਖ਼ੁਦਕੁਸ਼ੀ ਕਰਨ ਤੋਂ ਕੁਝ ਸਮਾਂ ਪਹਿਲਾਂ ਨਿਧੀ ਨੇ ਫੇਸਬੁੱਕ ‘ਤੇ ਇੱਕ ਭਾਵੁਕ ਪੋਸਟ ਲਿਖੀ ਸੀ। ਉਸ ਨੇ ਲਿਖਿਆ, “ਇਸ ਅਧੂਰੇ ਜਿਹੇ ਦਿਲ ਨੂੰ ਕਿਸੇ ਨੇ ਪੂਰਾ ਨਹੀਂ ਕੀਤਾ, ਮੈਂ ਖ਼ੁਦ ਹੀ ਪੂਰਾ ਕਰ ਦਿੱਤਾ। ਇਸੇ ਲਈ ਕਹਿੰਦੇ ਹਨ ਕਿ ਖ਼ੁਦ ਨਾਲ ਪਿਆਰ ਕਰੋ, ਕਿਸੇ ਹੋਰ ਨਾਲ ਨਹੀਂ। ਆਪਣੇ ਆਪ ਵਿੱਚ ਆਪਣੇ ਆਪ ਨੂੰ ਤਲਾਸ਼ੋ, ਕਿਸੇ ਹੋਰ ਵਿੱਚ ਆਖ਼ਿਰ ਕਦੋਂ ਤੱਕ ਤਲਾਸ਼ੋਗੇ?”
ਦਿੱਲੀ ਦੇ ਨੌਜਵਾਨ ਨਾਲ ਹੋਈ ਸੀ ਬਹਿਸ
ਨਿਧੀ ਦੀ ਮਾਂ ਲਤਾ ਤਿਵਾਰੀ ਨੇ ਪੁਲਿਸ ਨੂੰ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 8 ਵਜੇ ਨਿਧੀ ਦੀ ਦਿੱਲੀ ਵਿੱਚ ਰਹਿਣ ਵਾਲੇ ਸੋਨੂੰ ਸਿੰਘ ਨਾਮਕ ਯੁਵਕ ਨਾਲ ਫ਼ੋਨ ‘ਤੇ ਤਿੱਖੀ ਬਹਿਸ ਹੋਈ ਸੀ। ਇਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ‘ਤੇ ਇਹ ਭਾਵੁਕ ਪੋਸਟ ਪਾਈ ਅਤੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ। ਰਾਤ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਖਾਣਾ ਪੁੱਛਣ ‘ਤੇ ਉਸ ਨੇ ਮਨ੍ਹਾਂ ਕਰ ਦਿੱਤਾ ਅਤੇ ਇਕੱਲੇ ਛੱਡਣ ਲਈ ਕਿਹਾ। ਐਤਵਾਰ ਸਵੇਰ ਤੱਕ ਦਰਵਾਜ਼ਾ ਨਾ ਖੁੱਲ੍ਹਣ ‘ਤੇ ਜਦੋਂ ਪਰਿਵਾਰ ਨੇ ਖਿੜਕੀ ਵਿੱਚੋਂ ਦੇਖਿਆ ਤਾਂ ਨਿਧੀ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ।
ਪਰਿਵਾਰ ਵਿੱਚ ਪਹਿਲਾਂ ਵੀ ਵਾਪਰ ਚੁੱਕਾ ਹੈ ਹਾਦਸਾ
ਪਰਿਵਾਰਕ ਸੂਤਰਾਂ ਅਨੁਸਾਰ ਨਿਧੀ ਚਾਰ ਭੈਣਾਂ ਵਿੱਚੋਂ ਇੱਕ ਸੀ। ਉਸ ਦੇ ਪਿਤਾ ਅਸ਼ੋਕ ਤਿਵਾਰੀ ਪਿਛਲੇ ਲਗਭਗ 15 ਸਾਲਾਂ ਤੋਂ ਪਰਿਵਾਰ ਤੋਂ ਵੱਖ ਰਹਿ ਰਹੇ ਹਨ। ਦੁੱਖ ਦੀ ਗੱਲ ਇਹ ਹੈ ਕਿ ਕਰੀਬ 5 ਸਾਲ ਪਹਿਲਾਂ ਨਿਧੀ ਦੀ ਵੱਡੀ ਭੈਣ ਨੇ ਵੀ ਖੂਹ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ।
ਪੁਲਿਸ ਕਰ ਰਹੀ ਹੈ ਮਾਮਲੇ ਦੀ ਗੰਭੀਰਤਾ ਨਾਲ ਜਾਂਚ
ਮੋਰਵਾ ਥਾਣਾ ਇੰਚਾਰਜ ਡਾ. ਗਿਆਨੇਂਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਾਂ ਹਵਾਲੇ ਕਰ ਦਿੱਤੀ ਹੈ। ਪੁਲਿਸ ਵੱਲੋਂ ਮ੍ਰਿਤਕਾ ਦੇ ਮੋਬਾਈਲ ਫ਼ੋਨ ਦੀ ਕਾਲ ਡਿਟੇਲ ਅਤੇ ਸੋਸ਼ਲ ਮੀਡੀਆ ਐਕਟੀਵਿਟੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਮੌਤ ਤੋਂ ਪਹਿਲਾਂ ਉਹ ਕਿਸ ਦੇ ਸੰਪਰਕ ਵਿੱਚ ਸੀ ਅਤੇ ਇਸ ਦੁਖਦਾਈ ਕਦਮ ਪਿੱਛੇ ਅਸਲ ਕਾਰਨ ਕੀ ਸਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

