ਗੁਰਦਾਸਪੁਰ : ਗੁਰਦਾਸਪੁਰ ਦੇ ਸੰਤ ਨਗਰ ਮੁਹੱਲੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਘਰੇਲੂ ਵਿਵਾਦ ਨੂੰ ਲੈ ਕੇ ਨੂੰਹ ਅਤੇ ਸਹੁਰੇ ਪਰਿਵਾਰ ਵਿੱਚ ਭਿਆਨਕ ਝੜਪ ਹੋ ਗਈ। ਇਸ ਲੜਾਈ ਦੌਰਾਨ ਹਥਿਆਰ (ਦਾਤਰ) ਚੱਲਣ ਦੀ ਇੱਕ CCTV ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਘਟਨਾ ਵਿੱਚ ਨੂੰਹ ਅਤੇ ਉਸਦਾ ਪਤੀ ਦੋਵੇਂ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਦਾਤਰ ਚੱਲਣ ਦੀ ਵਾਇਰਲ ਵੀਡੀਓ
ਵਾਇਰਲ ਹੋ ਰਹੀ ਸੀਸੀਟੀਵੀ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਪਾਸੇ ਨੂੰਹ ਅਤੇ ਉਸਦੇ ਦੋ ਬੇਟੇ ਮੌਜੂਦ ਹਨ, ਜਦਕਿ ਦੂਜੇ ਪਾਸੇ ਉਸਦਾ ਪਤੀ ਅਤੇ ਸਹੁਰੇ ਪਰਿਵਾਰ ਸਮੇਤ ਕੁਝ ਹੋਰ ਲੋਕ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਜ਼ਬਰਦਸਤ ਹੰਗਾਮਾ ਅਤੇ ਦਾਤਰ ਚੱਲਣ ਦੀ ਘਟਨਾ ਵਾਪਰੀ ਹੈ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਨੂੰਹ ਦੇ ਗੰਭੀਰ ਦੋਸ਼
ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਪੀੜਤਾ ਨੇ ਦੱਸਿਆ ਕਿ ਉਸਦੀ ਸੱਸ ਨੇ ਮਰਨ ਤੋਂ ਪਹਿਲਾਂ ਇਹ ਘਰ ਉਸਨੂੰ ਰਹਿਣ ਲਈ ਦਿੱਤਾ ਸੀ, ਜਿੱਥੇ ਉਹ ਆਪਣੇ ਦੋ ਪੁੱਤਰਾਂ ਨਾਲ ਰਹਿ ਰਹੀ ਹੈ। ਉਸਦਾ ਦੋਸ਼ ਹੈ ਕਿ ਸੱਸ ਦੀ ਮੌਤ ਤੋਂ ਬਾਅਦ ਉਸਦਾ ਪਤੀ ਅਤੇ ਸਹੁਰਾ ਉਸਨੂੰ ਇਸ ਘਰੋਂ ਕੱਢਣਾ ਚਾਹੁੰਦੇ ਹਨ ਅਤੇ ਅਕਸਰ ਮਾਰਕੁੱਟ ਕਰਦੇ ਹਨ। ਪੀੜਤਾ ਦਾ ਕਹਿਣਾ ਹੈ ਕਿ ਅੱਜ ਵੀ ਉਸਦਾ ਪਤੀ, ਸਹੁਰਾ ਅਤੇ ਕੁਝ ਹੋਰ ਲੋਕ ਹਥਿਆਰਾਂ ਨਾਲ ਲੈਸ ਹੋ ਕੇ ਘਰ ਆਏ ਅਤੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਉਸਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਅਦਾਲਤ ਵਿੱਚ ਤਲਾਕ, ਮੁਆਵਜ਼ੇ ਅਤੇ ਜਾਇਦਾਦ ਨੂੰ ਲੈ ਕੇ ਪਹਿਲਾਂ ਹੀ ਕੇਸ ਚੱਲ ਰਿਹਾ ਹੈ।
ਦੂਜੇ ਪੱਖ ਦੀ ਪ੍ਰਤੀਕਿਰਿਆ
ਇਸ ਝੜਪ ਵਿੱਚ ਪਰਮਿੰਦਰ ਕੌਰ ਦਾ ਪਤੀ ਬਲਜੀਤ ਸਿੰਘ ਵੀ ਜ਼ਖ਼ਮੀ ਹੋਇਆ ਹੈ ਅਤੇ ਸਿਵਲ ਹਸਪਤਾਲ ਵਿੱਚ ਦਾਖ਼ਲ ਹੈ, ਪਰ ਫ਼ਿਲਹਾਲ ਉਹ ਕੈਮਰੇ ਅੱਗੇ ਬੋਲਣ ਦੀ ਹਾਲਤ ਵਿੱਚ ਨਹੀਂ ਹੈ। ਦੂਜੇ ਪਾਸੇ, ਜਦੋਂ ਇਸ ਮਾਮਲੇ ਸੰਬੰਧੀ ਪਰਮਿੰਦਰ ਕੌਰ ਦੇ ਸਹੁਰੇ ਪਿਆਰਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਫ਼ਿਲਹਾਲ ਆਪਣਾ ਪੱਖ ਨਹੀਂ ਰੱਖਣਾ ਚਾਹੁੰਦੇ, ਪਰ ਜਲਦੀ ਹੀ ਮੀਡੀਆ ਸਾਹਮਣੇ ਆਪਣਾ ਸੱਚ ਰੱਖਣਗੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
IKGPTU ਕੈਂਸਸ ਵਿੱਚ ਗੱਡੀ ਸਾਈਡ ਦੇਣ ਨੂੰ ਲੈ ਕੇ ਹੋਈ ਭਿਆਨਕ ਝੜਪ, ਬਾਹਰੋਂ ਆਏ ਨੌਜਵਾਨਾਂ ਨੇ ਪਾਇਆ ਅਖਾੜਾ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



