ਮੋਰਿੰਡਾ : ਸੰਗਰਾਂਦ ਦੇ ਪਵਿੱਤਰ ਦਿਹਾੜੇ ‘ਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਚੜ੍ਹਦੀ ਕਲਾ ਅਤੇ ਨੌਜਵਾਨਾਂ ਨੂੰ ਉਸਾਰੂ ਰਾਹ ਪਾਉਣ ਦੇ ਮਕਸਦ ਨਾਲ ਮੋਰਿੰਡਾ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਇੱਕ ਵਿਸ਼ਾਲ ‘ਚੜ੍ਹਦੀ ਕਲਾ ਪੈਦਲ ਯਾਤਰਾ’ ਕੱਢੀ ਗਈ। ਹਲਕਾ ਇੰਚਾਰਜ ਜਸਵੀਰ ਸਿੰਘ ਗੜੀ ਦੀ ਅਗਵਾਈ ਹੇਠ ਕੱਢੀ ਗਈ ਇਸ ਯਤਰਾ ਦਾ ਪਿੰਡਾਂ ਦੀਆਂ ਪੰਚਾਇਤਾਂ, ਕਲੱਬਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਥਾਂ-ਥਾਂ ‘ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਯਾਤਰਾ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਨੌਜਵਾਨਾਂ ਅਤੇ ਸੰਗਤਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।
ਨਸ਼ਾ ਵਿਰੋਧੀ ਮੁਹਿੰਮ ਅਤੇ ਰੰਗਲੇ ਪੰਜਾਬ ਦੀ ਸਿਰਜਣਾ
ਇਸ ਮੌਕੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਪ੍ਰੋਫੈਸਰ ਬੀਰ ਦਵਿੰਦਰ ਸਿੰਘ ਬੱਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਛੇੜੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਉਪਰਾਲੇ ਨੌਜਵਾਨਾਂ ਵਿੱਚ ਨਵੀਂ ਰੂਹ ਫੂਕ ਰਹੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਨੂੰ ਅਸਲ ਅਰਥਾਂ ਵਿੱਚ ਹੱਸਦਾ-ਖੇਡਦਾ ਅਤੇ ਰੰਗਲਾ ਪੰਜਾਬ ਬਣਾਇਆ ਜਾਵੇਗਾ।
ਵਿਦੇਸ਼ੀ ਟਿੱਪਣੀਆਂ ਵਿਰੁੱਧ ਰੋਹ
ਯਾਤਰਾ ਦੌਰਾਨ ਜਸਵੀਰ ਸਿੰਘ ਗੜੀ ਨੇ ਦੱਸਿਆ ਕਿ ਨੌਜਵਾਨਾਂ ਵਿੱਚ ਸਿੱਖੀ ਅਤੇ ਪੱਗ ਪ੍ਰਤੀ ਪ੍ਰੇਮ ਪੈਦਾ ਕਰਨ ਲਈ ਯਾਤਰਾ ਦੌਰਾਨ 101 ਪੱਗਾਂ ਦਾ ਵਿਸ਼ੇਸ਼ ਲੰਗਰ ਲਗਾਇਆ ਗਿਆ ਅਤੇ ਨੌਜਵਾਨਾਂ ਦੇ ਸਿਰਾਂ ‘ਤੇ ਦਸਤਾਰਾਂ ਸਜਾਈਆਂ ਗਈਆਂ। ਇਸ ਦੇ ਨਾਲ ਹੀ ਉਨ੍ਹਾਂ ਅਮਰੀਕੀ ਰਾਸ਼ਟਰਪਤੀ ਵੱਲੋਂ ਪਗੜੀਧਾਰੀਆਂ ਖਿਲਾਫ ਕੀਤੀਆਂ ਗਈਆਂ ਨਸਲਵਾਦੀ ਟਿੱਪਣੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਅਜਿਹੇ ਮਾੜੇ ਰਵੱਈਏ ਦਾ ਮੂੰਹਤੋੜ ਜਵਾਬ ਦੇਣ ਲਈ ਉਹ ਆਉਣ ਵਾਲੀਆਂ ਯਾਤਰਾਵਾਂ ਵਿੱਚ 500 ਪੱਗਾਂ ਦਾ ਲੰਗਰ ਲਗਾਇਆ ਕਰਨਗੇ ਤਾਂ ਜੋ ਨੌਜਵਾਨ ਆਪਣੀ ਅਮੀਰ ਵਿਰਸੇ ਨਾਲ ਜੁੜੇ ਰਹਿਣ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


