ਜੰਮੂ : ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਵਾਸਤੇ ਪਵਿੱਤਰ ਸ਼ਹਿਰ ਕੱਟੜਾ ਪ੍ਰਸ਼ਾਸਨ ਤੇ ਸ਼ਰਾਈਨ ਬੋਰਡ ਨੇ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਮਾਤਾ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਉਤੇ ਕਟੜਾ ਤੋਂ ਮਾਤਾ ਭਵਨ ਤੱਕ ਤੰਬਾਕੂ, ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਸੇਵਨ ‘ਤੇ ਸਖ਼ਤ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਗਈ ਹੈ।
ਇਨ੍ਹਾਂ ਪਾਬੰਦੀਆਂ ਦੀ ਉਲੰਘਣਾ ਉਤੇ ਸਖ਼ਤ ਜੁਰਮਾਨੇ ਅਤੇ ਸਜ਼ਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਤੰਬਾਕੂ ਤੇ ਸਿਗਰਟ ਦਾ ਸੇਵਨ ਜਾਂ ਵਿਕਰੀ ਨੂੰ ਸਜ਼ਾਯੋਗ ਅਪਰਾਧ ਮੰਨਿਆ ਜਾਵੇਗਾ। ਦੱਸ ਦੇਈਏ ਕਿ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਇਸ ਫੈਸਲੇ ਦਾ ਸ਼ਰਧਾਲੂਆਂ ਨੇ ਸਵਾਗਤ ਕੀਤਾ ਹੈ। ਇਸ ਫੈਸਲੇ ਦਾ ਮੁੱਖ ਮੰਤਵ ਇਸ ਧਾਰਮਿਕ ਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਅਤੇ ਸ਼ਰਧਾਲੂਆਂ ਦੀ ਆਸਥਾ ਦਾ ਖਿਆਲ ਰੱਖਣਾ ਹੈ।
ਕੱਟੜਾ ਦੇ ਪ੍ਰਸ਼ਾਸਨ ਨੇ ਅਲਟੀਮੇਟਮ ਜਾਰੀ ਕੀਤਾ ਹੈ ਕਿ ਜਿਹੜੇ ਵੀ ਦੁਕਾਨਦਾਰ ਤੰਬਾਕੂ ਵੇਚ ਰਹੇ ਹਨ ਜਾਂ ਜਿਨ੍ਹਾਂ ਨੇ ਕੱਟੜਾ ਜਾਂ ਭਵਨ ਉਤੇ ਤੰਬਾਕੂ ਦੀਆਂ ਦੁਕਾਨਾਂ ਲਗਾਈਆਂ ਹੋਈਆਂ ਹਨ, ਉਹ ਤੁਰੰਤ ਆਪਣੀਆਂ ਦੁਕਾਨਾਂ ਤੋਂ ਤੰਬਾਕੂ ਪਦਾਰਥਾਂ ਨੂੰ ਹਟਾਉਣ, ਨਹੀਂ ਤਾਂ ਪ੍ਰਸ਼ਾਸਨ ਵੱਲੋਂ ਇਸ ਨੂੰ ਜ਼ਬਤ ਕਰ ਲਿਆ ਜਾਵੇਗਾ ਲਿਆ ਜਾਵੇਗਾ ਅਤੇ ਕਾਰਵਾਈ ਵੀ ਕੀਤੀ ਜਾਵੇਗੀ।
ਮੀਟ ਤੇ ਸ਼ਰਾਬ ਉਤੇ ਪਹਿਲਾਂ ਹੀ ਹੈ ਪਾਬੰਦੀ
ਕੱਟੜਾ ਪ੍ਰਸ਼ਾਸਨ ਨੇ ਪਹਿਲਾਂ ਹੀ ਕੱਟੜਾ ਅਤੇ ਆਸਪਾਸ ਦੇ ਇਲਾਕਿਆਂ ‘ਚ ਸ਼ਰਾਬ ਅਤੇ ਮੀਟ ਦੀ ਵਿਕਰੀ ਉਤੇ ਪਾਬੰਦੀ ਲਗਾ ਦਿੱਤੀ ਹੈ। ਜਿਸ ਤੋਂ ਬਾਅਦ ਕੱਟੜਾ ਅਤੇ ਆਲੇ-ਦੁਆਲੇ ਕਿਤੇ ਵੀ ਸ਼ਰਾਬ ਦੇ ਠੇਕੇ, ਵਿਹੜੇ ਜਾਂ ਮੀਟ ਦੀਆਂ ਦੁਕਾਨਾਂ ਨਹੀਂ ਹਨ। ਹੁਣ ਪ੍ਰਸ਼ਾਸਨ ਨੇ ਤੰਬਾਕੂ ਅਤੇ ਸਿਗਰਟ ਦੇ ਸੇਵਨ, ਖਰੀਦ ਅਤੇ ਵਿਕਰੀ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।
