ਲੁਧਿਆਣਾ : ਲੁਧਿਆਣੇ ਵਿੱਚ ਨਾਨੀ ਦੀ ਬਹਾਦਰੀ ਅਤੇ ਸਮੇਂ ਸਿਰ ਦਿਖਾਈ ਗਈ ਸੂਝ-ਬੂਝ ਕਾਰਨ ਇੱਕ ਛੋਟੀ ਬੱਚੀ ਦੀ ਕਿਡਨੈਪਿੰਗ ਦੀ ਵੱਡੀ ਘਟਨਾ ਹੋਣੋਂ ਟਲ ਗਈ। ਮਾਮਲੇ ਸਾਹਮਣੇ ਆਇਆ ਹੈ ਕਿ ਘਰ ਦੇ ਬਾਹਰ ਮੂੰਹ ਢੱਕ ਕੇ ਆਏ ਦੋ ਨੌਜਵਾਨਾਂ ਨੇ ਤੀਜੀ ਜਮਾਤ ਵਿੱਚ ਪੜ੍ਹਦੀ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਰਿਵਾਰ ਵਾਲਿਆਂ ਅਤੇ ਇਲਾਕਾ ਨਿਵਾਸੀਆਂ ਨੇ ਮਿਲ ਕੇ ਉਨ੍ਹਾਂ ਦੇ ਮਨਸੂਬੇ ਨਾਕਾਮ ਕਰ ਦਿੱਤੇ।
ਕੀ ਹੈ ਪੂਰਾ ਮਾਮਲਾ ਅਤੇ ਕਿਵੇਂ ਵਾਪਰੀ ਘਟਨਾ?
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਮਾਮਲਾ ਸ਼ਨੀਵਾਰ (12 ਸਤੰਬਰ) ਨੂੰ ਸਾਹਮਣੇ ਆਇਆ। ਲੁਧਿਆਣੇ ਵਿੱਚ ਜਦੋਂ ਦੋ ਨੌਜਵਾਨ ਐਕਟੀਵਾ ’ਤੇ ਸਵਾਰ ਹੋ ਕੇ ਅਤੇ ਆਪਣੇ ਮੂੰਹ ਰੁਮਾਲ ਨਾਲ ਢੱਕ ਕੇ ਘਰ ਦੇ ਬਾਹਰ ਪਹੁੰਚੇ ਤਾਂ ਬੱਚੀ ਦੀ ਨਾਨੀ ਦੀ ਨਜ਼ਰ ਉਨ੍ਹਾਂ ਉੱਤੇ ਪੈ ਗਈ। ਨਾਨੀ ਵੱਲੋਂ ਸ਼ੱਕ ਪੈਣ ’ਤੇ ਜਦੋਂ ਉਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਉਹ ਘਬਰਾ ਕੇ ਭੱਜਣ ਲੱਗੇ। ਬਹਾਦਰ ਨਾਨੀ ਨੇ ਹਿੰਮਤ ਦਿਖਾਉਂਦਿਆਂ ਤੁਰੰਤ ਮੁਲਜ਼ਮਾਂ ਦੀ ਐਕਟੀਵਾ ਦੀ ਚਾਬੀ ਕੱਢ ਲਈ ਅਤੇ ਉੱਚੀ-ਉੱਚੀ ਰੌਲਾ ਪਾ ਦਿੱਤਾ। ਰੌਲਾ ਸੁਣ ਕੇ ਬੱਚੀ ਦੀ ਮਾਂ ਅਨੁਪ੍ਰੀਤ ਵੀ ਬਾਹਰ ਆ ਗਈ ਅਤੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਦੋਵਾਂ ਮੁਲਜ਼ਮਾਂ ਨੂੰ ਮੌਕੇ ’ਤੇ ਹੀ ਦਬੋਚ ਲਿਆ ਗਿਆ। ਨਾਨੀ ਦਾ ਦੋਸ਼ ਹੈ ਕਿ ਇਹ ਨੌਜਵਾਨ ਉਨ੍ਹਾਂ ਦੀ 9 ਸਾਲਾ ਦੋਹਤੀ (ਜੋ ਕਿ ਤੀਜੀ ਜਮਾਤ ਵਿੱਚ ਪੜ੍ਹਦੀ ਹੈ) ਦਾ ਅਗਵਾ ਕਰਨ ਲਈ ਆਏ ਸਨ।
ਪਰਿਵਾਰ ਪਹਿਲਾਂ ਹੀ ਸੀ ਸ਼ੱਕ ਦੇ ਘੇਰੇ ਵਿੱਚ, ਸੀ.ਸੀ.ਟੀ.ਵੀ. ਤੋਂ ਹੋਇਆ ਖੁਲਾਸਾ
ਬੱਚੀ ਦੀ ਨਾਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ 2-4 ਦਿਨਾਂ ਤੋਂ ਇਨ੍ਹਾਂ ਦੋਵਾਂ ਨੌਜਵਾਨਾਂ ਦੀਆਂ ਹਰਕਤਾਂ ਸ਼ੱਕੀ ਲੱਗ ਰਹੀਆਂ ਸਨ। ਇਹ ਲੋਕ ਉਦੋਂ ਰੇਕੀ ਕਰਦੇ ਸਨ ਜਦੋਂ ਮਾਂ ਆਪਣੀ ਧੀ ਨੂੰ ਸਕੂਲ ਛੱਡਣ ਜਾਂਦੀ ਸੀ ਅਤੇ ਇਸ ਦੌਰਾਨ ਉਨ੍ਹਾਂ ਦੀਆਂ ਤਸਵੀਰਾਂ ਵੀ ਖਿੱਚੀਆਂ ਜਾ ਰਹੀਆਂ ਸਨ। ਇਸੇ ਸ਼ੱਕ ਦੇ ਚਲਦਿਆਂ ਜਦੋਂ 11 ਸਤੰਬਰ ਨੂੰ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟਮ ਚੈਕ ਕੀਤੀ ਗਈ ਤਾਂ ਇਹੀ ਦੋਵੇਂ ਨੌਜਵਾਨ ਨਜ਼ਰ ਆਏ, ਜਿਸ ਤੋਂ ਬਾਅਦ ਪਰਿਵਾਰ ਪੂਰੀ ਤਰ੍ਹਾਂ ਚੌਕਸ ਹੋ ਗਿਆ ਸੀ। ਆਖ਼ਿਰਕਾਰ 12 ਸਤੰਬਰ ਨੂੰ ਜਦੋਂ ਉਹ ਦੋਬਾਰਾ ਆਏ ਤਾਂ ਨਾਨੀ ਨੇ ਉਨ੍ਹਾਂ ਨੂੰ ਫੜ ਲਿਆ।
ਪੁੱਛਗਿੱਛ ਦੌਰਾਨ ਹੋਏ ਹੈਰਾਨ ਕਰਨ ਵਾਲੇ ਖੁਲਾਸੇ
ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਦੀ ਪਛਾਣ ਤੇਜਪਾਲ ਸਿੰਘ ਵਜੋਂ ਹੋਈ ਹੈ। ਜਦੋਂ ਪੁਲਿਸ ਨੇ ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਕਬੂਲਿਆ ਕਿ ਉਨ੍ਹਾਂ ਨੂੰ ਇਸ ਬੱਚੀ ਨੂੰ ਕਿਡਨੈਪ ਕਰਨ ਲਈ ਖੁਦ ਬੱਚੀ ਦੇ ਨਾਨਾ ਹੇਮਰਾਜ ਸ਼ਰਮਾ ਅਤੇ ਅਮਨਦੀਪ ਸ਼ਰਮਾ ਨੇ ਭੇਜਿਆ ਸੀ।
ਪਤੀ-ਪਤਨੀ ਵਿਚਾਲੇ ਚੱਲ ਰਿਹਾ ਹੈ ਅਦਾਲਤੀ ਕੇਸ
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਕਿ ਬੱਚੀ ਦੇ ਪਿਤਾ ਹਲਵਾਰਾ ਏਅਰਪੋਰਟ ’ਤੇ ਨੌਕਰੀ ਕਰਦੇ ਹਨ। ਘਰ ਦੇ ਖਰਚਿਆਂ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਪਿਛਲੇ ਕਰੀਬ 4 ਸਾਲਾਂ ਤੋਂ ਅਦਾਲਤ ਵਿੱਚ ਕਾਨੂੰਨੀ ਕੇਸ ਚੱਲ ਰਿਹਾ ਹੈ, ਜਿਸ ਰੰਜਿਸ਼ ਦੇ ਚਲਦਿਆਂ ਇਸ ਅਗਵਾ ਦੀ ਸਾਜ਼ਿਸ਼ ਰਚੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ\
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



