ਫਿਰੋਜ਼ਪੁਰ : ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੰਬੋਜ ਮੁਸ਼ਕਲਾਂ ਵਿਚ ਘਿਰ ਗਏ ਹਨ। ਦਰਅਸਲ, ਵੋਟ ਪਾਉਣ ਵੇਲੇ ਉਨ੍ਹਾਂ ਨੇ ਅਜਿਹੀ ਹਰਕਤ ਕਰ ਦਿੱਤੀ ਕਿ ਥਾਣਾ ਗੁਰੂਹਰਸਹਾਏ ਵਿਖੇ ਉਨ੍ਹਾਂ ਖਿ਼ਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ। ਕੰਬੋਜ ਨੇ ਵਿਧਾਨ ਸਭਾ ਹਲਕਾ ਗੁਰੁਹਰਸਹਾਏ ਅਧੀਨ ਆਉਂਦੇ ਪਿੰਡ ਜੀਵਾਂ ਅਰਾਈ ਵਿਖੇ ਵੋਟ ਪਾਉਂਦੇ ਹੋਏ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿੱਤੀ ਹੈ। ਵੀਡੀਓ ਬਣਾਉਂਦੇ ਬਣਾਉਂਦੇ ਉਨ੍ਹਾਂ EVM ਮਸ਼ੀਨ ਉਤੇ ਬਟਨ ਦੱਬਿਆ। ਵੀਡੀਓ ਵਾਇਰਲ ਹੋਣ ਉਤੇ ਚੋਣ ਕਮਿਸ਼ਨ ਹਰਕਤ ਵਿਚ ਆ ਗਇਆ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਉਤੇ ਵੱਡਾ ਐਕਸ਼ਨ ਲੈਂਦੇ ਹੋਏ ਕੰਬੋਜ ਖਿਲਾਫ਼ ਚੋਣ ਕਮਿਸ਼ਨ ਨੇ ਮਾਮਲਾ ਦਰਜ ਕੀਤਾ ਹੈ।
ਰਿਟਰਨਿੰਗ ਅਫਸਰ ਲੋਕ ਸਭਾ ਹਲਕਾ-10 ਫਿਰੋਜ਼ਪੁਰ -ਕਮ- ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਇਸ ਹਲਕੇ ਤੋਂ ਬਸਪਾ ਦੀ ਟਿਕਟ ਤੋਂ ਚੋਣ ਲੜ ਰਹੇ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਵੱਲੋਂ ਵੋਟ ਪਾਉਣ ਸਮੇਂ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਉਤੇ ਤੁਰੰਤ ਐਕਸ਼ਨ ਲੈਂਦਿਆਂ ਥਾਣਾ ਗੁਰੂਹਰਸਹਾਏ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
