ਗੁਰਦਾਸਪੁਰ : ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਪੈਂਦੇ ਪਿੰਡ ਸੋਹੀਆਂ ਵਿਖੇ ਇੱਕ ਬੇਹੱਦ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੁਝ ਵਿਅਕਤੀਆਂ ਵੱਲੋਂ ਗੱਡੀ ਠੀਕ ਕਰਵਾਉਣ ਦੇ ਬਹਾਨੇ ਘਰੋਂ ਬੁਲਾ ਕੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਦੁੱਖਦਾਇਕ ਘਟਨਾ ਦਾ ਸਦਮਾ ਪੁੱਤਰ ਦੇ ਪਿਤਾ ਤੋਂ ਬਰਦਾਸ਼ਤ ਨਹੀਂ ਹੋਇਆ, ਜਿਸ ਕਾਰਨ ਪੁੱਤਰ ਦੇ ਸਸਕਾਰ ਵਾਲੇ ਦਿਨ ਹੀ ਪਿਤਾ ਦੀ ਵੀ ਮੌਤ ਹੋ ਗਈ। ਇੱਕੋ ਘਰ ਵਿੱਚ ਹੋਈਆਂ ਦੋ ਮੌਤਾਂ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਕਿਵੇਂ ਵਾਪਰੀ ਘਟਨਾ?
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮਕੈਨਿਕ ਦਾ ਕੰਮ ਕਰਦਾ ਸੀ ਅਤੇ ਆਪਣਾ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਮ੍ਰਿਤਕ ਦੀ ਮਾਤਾ ਹਰਜੀਤ ਕੌਰ ਨੇ ਪੁਲਿਸ ਨੂੰ ਬਿਆਨ ਦਿੰਦਿਆਂ ਦੱਸਿਆ ਕਿ 14 ਅਗਸਤ ਨੂੰ ਮ੍ਰਿਤਕ ਆਪਣੀ ਦੁਕਾਨ ਬੰਦ ਕਰਕੇ ਘਰ ਪਰਤਿਆ ਸੀ। ਕੁਝ ਸਮੇਂ ਬਾਅਦ ਗੁਰਸਾਹਿਬ ਸਿੰਘ ਅਤੇ ਗੁਰਜੀਤ ਸਿੰਘ ਪੰਨੂ (ਵਾਸੀ ਮਾੜੀ ਪੰਨੂਆਂ), ਜੋ ਪਹਿਲਾਂ ਵੀ ਉਸ ਕੋਲੋਂ ਗੱਡੀਆਂ ਠੀਕ ਕਰਵਾਉਂਦੇ ਸਨ, ਆਪਣੇ ਦੋ ਹੋਰ ਅਣਪਛਾਤੇ ਸਾਥੀਆਂ ਸਮੇਤ ਮੋਟਰਸਾਈਕਲ ‘ਤੇ ਉਸਦੇ ਘਰ ਪਹੁੰਚੇ। ਉਹ ਮ੍ਰਿਤਕ ਨੂੰ ਕਿਸੇ ਗੱਡੀ ਦੀ ਰਿਪੇਅਰ ਕਰਵਾਉਣ ਦਾ ਬਹਾਨਾ ਬਣਾ ਕੇ ਆਪਣੇ ਨਾਲ ਲੈ ਗਏ।
ਅਗਲੇ ਦਿਨ ਮਿਲੀ ਲਾਸ਼
ਦੇਰ ਰਾਤ ਤੱਕ ਜਦੋਂ ਉਹਨਾਂ ਦਾ ਬੇਟਾ ਘਰ ਨਹੀਂ ਮੁੜਿਆ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਦੇ ਫੋਨ ਉੱਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਫੋਨ ਨਾ ਚੁੱਕੇ ਜਾਣ ਕਾਰਨ ਪਰਿਵਾਰ ਦੀ ਚਿੰਤਾ ਵਧ ਗਈ। ਸਾਰੀ ਰਾਤ ਭਾਲ ਕਰਨ ਤੋਂ ਬਾਅਦ ਅਗਲੀ ਸਵੇਰ ਪਰਿਵਾਰ ਨੂੰ ਸੂਚਨਾ ਮਿਲੀ ਕਿ ਉਹਨਾਂ ਦੇ ਬੇਟੇ ਦੀ ਲਾਸ਼ ਚੀਮਾ ਖੁੱਡੀ ਸੂਏ ਦੀ ਪੱਟੜੀ ਕੋਲ ਪਈ ਹੈ। ਮੌਕੇ ‘ਤੇ ਪਹੁੰਚ ਕੇ ਪਰਿਵਾਰ ਨੇ ਲਾਸ਼ ਦੀ ਪਛਾਣ ਕੀਤੀ ਅਤੇ ਮੁਲਜ਼ਮਾਂ ਉੱਤੇ ਉਹਨਾਂ ਦੇ ਬੇਟੇ ਦਾ ਕਤਲ ਕਰਨ ਦੇ ਗੰਭੀਰ ਦੋਸ਼ ਲਾਏ।
ਪੁੱਤਰ ਤੋਂ ਬਾਅਦ ਪਿਤਾ ਦੀ ਮੌਤ
ਦੁੱਖਾਂ ਦੀ ਪੰਡ ਉਦੋਂ ਹੋਰ ਭਾਰੀ ਹੋ ਗਈ ਜਦੋਂ ਮ੍ਰਿਤਕ ਤੇਜਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ। ਜਵਾਨ ਪੁੱਤਰ ਦੀ ਮੌਤ ਦਾ ਡੂੰਘਾ ਸਦਮਾ ਉਸਦੇ ਪਿਤਾ ਕਸ਼ਮੀਰ ਸਿੰਘ ਦਾ ਦਿਲ ਨਾ ਸਹਾਰ ਸਕਿਆ ਅਤੇ ਦੁੱਖ ਵਿੱਚ ਪਿਤਾ ਦੀ ਵੀ ਮੌਤ ਹੋ ਗਈ। ਪਿਤਾ-ਪੁੱਤਰ ਦੀਆਂ ਇੱਕਠੀਆਂ ਅਰਥੀਆਂ ਉੱਠਣ ਕਾਰਨ ਪੂਰਾ ਪਰਿਵਾਰ ਅਤੇ ਪਿੰਡ ਦਾ ਹਰ ਇੱਕ ਵਿਅਕਤੀ ਰੋ ਪਿਆ।
ਪੁਲਿਸ ਦੀ ਕਾਰਵਾਈ ਅਤੇ ਪਰਿਵਾਰ ਦੀ ਗੁਹਾਰ
ਡੀ.ਐਸ.ਪੀ. ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਉੱਤੇ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਮੁਕੱਦਮਾ ਨੰਬਰ 139 ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਗੁਰਸਾਹਿਬ ਸਿੰਘ, ਗੁਰਜੀਤ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਸਮੇਤ ਕੁੱਲ ਚਾਰ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਗੁਰਸਾਹਿਬ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਦੂਜੇ ਪਾਸੇ, ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਮੰਗ ਕੀਤੀ ਹੈ ਕਿ ਬਾਕੀ ਰਹਿੰਦੇ ਸਾਰੇ ਦੋਸ਼ੀਆਂ ਨੂੰ ਵੀ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਕਾਨੂੰਨੀ ਸਜ਼ਾ ਦਿੱਤੀ ਜਾਵੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



