Dubai Murder case : ਦੁਬਈ ਵਿਚ ਪੰਜਾਬੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ। ਉਹ ਹਲਕਾ ਜਲੰਧਰ ਕੈਂਟ ਦੇ ਕਸਬਾ ਜਮਸ਼ੇਰ ਦੀ ਪੱਤੀ ਸੇਖੋਂ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਪੰਕਜ ਡੌਲ (34) ਵਜੋਂ ਹੋਈ ਹੈ। ਉਸ ਦੀ ਮੌਤ ਦੀ ਸੂਚਨਾ ਦੁਬਈ ਵਿਚ ਰਹਿੰਦੇ ਉਸ ਦੇ ਛੋਟੇ ਭਰਾ ਗੁਰਪ੍ਰੀਤ ਗੋਪੀ ਡੌਲ ਨੇ ਰਾਤ 9.30 ਵਜੇ ਫੋਨ ਕਰ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ।
ਗੋਪੀ ਨੇ ਦੱਸਿਆ ਕਿ ਪੰਕਜ ਐਤਵਾਰ ਦੁਬਈ ਦੇ ਸ਼ਹਿਰ ਅਲਕੋਜ ਵਿਚ ਸਥਿਤ ਗੁਰਦੁਆਰਾ ਸਾਹਿਬ ਤੋਂ ਵਾਪਸ ਘਰ ਵੱਲ ਆ ਰਿਹਾ ਸੀ। ਇਸ ਦੌਰਾਨ ਉਸ ਨੂੰ ਰਸਤੇ ਵਿਚ ਪੱਗ ਬੰਨ੍ਹੀ ਇਕ ਨੌਜਵਾਨ ਨੇ ਰੋਕ ਲਿਆ ਅਤੇ ਮਾਮੂਲੀ ਵਿਵਾਦ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਉਸ ਉਤੇ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਪੰਕਜ ਨੂੰ ਖੂਨ ਵਿਚ ਲਥਪਥ ਹਾਲਤ ਵਿਚ ਛੱਡ ਕੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਪੰਕਜ ਦੇ ਸਾਥੀਆਂ ਨੇ ਉਸ ਨੂੰ ਕਾਬੂ ਕਰਨਾ ਚਾਹਿਆ ਪਰ ਉਹ ਹੱਥ ਨਹੀਂ ਆਇਆ। ਅਲਕੋਜ ਸ਼ਹਿਰ ਦੀ ਪੁਲਿਸ ਇਸ ਸਬੰਧ ਵਿਚ ਸੂਚਿਤ ਕੀਤੇ ਜਾਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਪਤਾ ਲੱਗਾ ਹੈ ਕਿ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਕਜ 13 ਸਾਲ ਪਹਿਲਾਂ ਦੁਬਈ ਗਿਆ ਸੀ। ਉਥੇ ਉਹ ਇਕ ਕੰਪਨੀ ਵਿਚ ਫੋਰਮੈਨ ਵਜੋਂ ਨੌਕਰੀ ਕਰਦਾ ਸੀ। ਲਗਪਗ ਇਕ ਸਾਲ ਤੋਂ ਬਾਅਦ ਉਹ ਛੁੱਟੀ ਆਉਂਦਾ ਰਹਿੰਦਾ ਸੀ। 5 ਮਹੀਨੇ ਪਹਿਲਾਂ ਵੀ ਉਹ ਰਿਸ਼ਤੇਦਾਰੀ ਵਿਚ ਕਿਸੇ ਵਿਆਹ ਸਮਾਗਮ ਵਿਚ ਹਿੱਸਾ ਲੈਣ ਲਈ ਆਇਆ ਸੀ ਅਤੇ 10 ਦਿਨ ਰਹਿ ਕੇ ਵਾਪਸ ਚਲਾ ਗਿਆ ਸੀ। ਉਸ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਪਰਿਵਾਰ ਵਿਚ ਮਾਤਮ ਛਾ ਗਿਆ ਅਤੇ ਪੂਰੇ ਸੇਖੋਂ ਪੱਤੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।
Dubai murder : ਦੁਬਈ ਵਿਚ ਪੰਜਾਬੀ ਨੌਜਵਾਨ ਨੂੰ ਚਾਕੂ ਮਾਰ ਉਤਾਰਿਆ ਮੌਤ ਦੇ ਘਾਟ
Dubai Murder case : ਦੁਬਈ ਵਿਚ ਪੰਜਾਬੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ। ਉਹ ਹਲਕਾ ਜਲੰਧਰ ਕੈਂਟ ਦੇ ਕਸਬਾ ਜਮਸ਼ੇਰ ਦੀ ਪੱਤੀ ਸੇਖੋਂ ਦਾ…
