‘Operation Prahar -4.0’: ਪੰਜਾਬ ਪੁਲਿਸ ਦੀ ਵੱਡੀ ਛਾਪੇਮਾਰੀ, 100 ਤੋਂ ਵੱਧ ਨਸ਼ਾ ਤਸਕਰ ਅਤੇ ਗੈਂਗਸਟਰ ਗ੍ਰਿਫ਼ਤਾਰ

ਗੁਰਦਾਸਪੁਰ : ਪੰਜਾਬ ਨੂੰ ਅਪਰਾਧ ਅਤੇ ਨਸ਼ਾ ਮੁਕਤ ਬਣਾਉਣ ਦੇ ਮਕਸਦ ਨਾਲ ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰਾਂ ਵਿੱਚ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ‘ਆਪ੍ਰੇਸ਼ਨ ਪ੍ਰਹਾਰ-4.0’…

ਗੁਰਦਾਸਪੁਰ : ਪੰਜਾਬ ਨੂੰ ਅਪਰਾਧ ਅਤੇ ਨਸ਼ਾ ਮੁਕਤ ਬਣਾਉਣ ਦੇ ਮਕਸਦ ਨਾਲ ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰਾਂ ਵਿੱਚ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ‘ਆਪ੍ਰੇਸ਼ਨ ਪ੍ਰਹਾਰ-4.0’ ਤਹਿਤ ਗੁਰਦਾਸਪੁਰ ਵਿੱਚ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਬਾਰਡਰ ਰੇਂਜ ਦੇ ਡੀ.ਆਈ.ਜੀ. ਹਰਮਨਬੀਰ ਸਿੰਘ ਗਿੱਲ ਦੀ ਨਿਗਰਾਨੀ ਹੇਠ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਅਚਨਚੇਤ ਛਾਪੇਮਾਰੀ ਕਰਦਿਆਂ 100 ਤੋਂ ਵੱਧ ਮੁਲਜ਼ਮਾਂ ਨੂੰ ਕਾਬੂ ਕਰਕੇ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ।

ਡੀ.ਆਈ.ਜੀ. ਹਰਮਨਬੀਰ ਸਿੰਘ ਗਿੱਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇਸ ਵਿਸ਼ੇਸ਼ ਆਪ੍ਰੇਸ਼ਨ ਦਾ ਤੀਜਾ ਪੜਾਅ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦਿਹਾਤੀ ਅਤੇ ਬਟਾਲਾ ਜ਼ਿਲ੍ਹਿਆਂ ਵਿੱਚ ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਚੁੱਕਾ ਹੈ। ਗੁਰਦਾਸਪੁਰ ਵਿੱਚ ਇਸ ਮੈਗਾ ਆਪ੍ਰੇਸ਼ਨ ਦੀ ਸ਼ੁਰੂਆਤ ਸਵੇਰੇ 4 ਵਜੇ ਕੀਤੀ ਗਈ।

ਇਹ ਕਾਰਵਾਈ ਗੁਰਦਾਸਪੁਰ ਦੇ ਐਸ.ਐਸ.ਪੀ. ਆਦਿਤਿਆ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿੱਚ ਐਸ.ਪੀ. ਜਗਰਾਜ ਸਿੰਘ ਅਤੇ ਐਸ.ਪੀ. ਦਵਿੰਦਰ ਸਮੇਤ ਲਗਭਗ 20 ਗਜ਼ਟਿਡ ਅਧਿਕਾਰੀਆਂ ਅਤੇ 1000 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਇੱਕੋ ਸਮੇਂ ਸ਼ੱਕੀ ਟਿਕਾਣਿਆਂ ‘ਤੇ ਦਬਿਸ਼ ਦੇ ਕੇ ਮੁਲਜ਼ਮਾਂ ਨੂੰ ਘੇਰਾ ਪਾਇਆ।

ਪੁਲਿਸ ਅਧਿਕਾਰੀਆਂ ਮੁਤਾਬਕ ਇਸ ਮੁਹਿੰਮ ਦੌਰਾਨ ਹੁਣ ਤੱਕ 100 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹਨਾਂ ਵਿੱਚ ਮੁੱਖ ਤੌਰ ‘ਤੇ ਹੇਠ ਲਿਖੇ ਅਪਰਾਧੀ ਸ਼ਾਮਲ ਹਨ: ਐਨ.ਡੀ.ਪੀ.ਐਸ. (NDPS) ਐਕਟ ਤਹਿਤ ਲੋੜੀਂਦੇ ਨਸ਼ਾ ਤਸਕਰ। ਸੰਗੀਨ ਜੁਰਮਾਂ ਵਿੱਚ ਸ਼ਾਮਲ ਫਰਾਰ ਗੈਂਗਸਟਰ ਅਤੇ ਅਪਰਾਧੀ। 5 ਘੋਸ਼ਿਤ ਭਗੌੜੇ (PO) ਜੋ ਲੰਬੇ ਸਮੇਂ ਤੋਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸਨ।

ਇਨ੍ਹਾਂ ਗ੍ਰਿਫ਼ਤਾਰੀਆਂ ਨੂੰ ਮਨੁੱਖੀ ਖੁਫੀਆ ਤੰਤਰ (Human Intelligence) ਅਤੇ ਤਕਨੀਕੀ ਸਰਵਿਲੈਂਸ ਦੀ ਸਟੀਕ ਜਾਣਕਾਰੀ ਦੇ ਆਧਾਰ ‘ਤੇ ਅੰਜਾਮ ਦਿੱਤਾ ਗਿਆ ਹੈ। ਛਾਪੇਮਾਰੀ ਦੌਰਾਨ ਮੁਲਜ਼ਮਾਂ ਕੋਲੋਂ ਗੈਰ-ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

ਇਸ ਮੁਹਿੰਮ ਦਾ ਇੱਕ ਅਹਿਮ ਉਦੇਸ਼ ਸਰਹੱਦੀ ਖੇਤਰਾਂ ਵਿੱਚ ਡ੍ਰੋਨ ਰਾਹੀਂ ਹੋਣ ਵਾਲੀ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਨੂੰ ਨੱਥ ਪਾਉਣਾ ਹੈ। ਡੀ.ਆਈ.ਜੀ. ਗਿੱਲ ਨੇ ਸਪੱਸ਼ਟ ਕੀਤਾ ਕਿ ਪੰਜਾਬ ਪੁਲਿਸ ਦਾ ਐਂਟੀ-ਡ੍ਰੋਨ ਸਿਸਟਮ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਿਹਾ ਹੈ। ਡ੍ਰੋਨ ਦੀ ਕੋਈ ਵੀ ਗਤੀਵਿਧੀ ਨੋਟਿਸ ਵਿੱਚ ਆਉਂਦਿਆਂ ਹੀ ਪੁਲਿਸ ਟੀਮਾਂ ਤੁਰੰਤ ਐਕਸ਼ਨ ਲੈਂਦੀਆਂ ਹਨ। ਇਸੇ ਮੁਸਤੈਦੀ ਸਦਕਾ ਪਿਛਲੇ ਦਿਨਾਂ ਵਿੱਚ ਕਈ ਲਾਵਾਰਿਸ ਡ੍ਰੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਨਸ਼ਿਆਂ ਦੇ ਹੌਟਸਪੌਟ ਮੰਨੇ ਜਾਂਦੇ ਇਲਾਕਿਆਂ ਵਿੱਚ ਖਾਸ ਨਿਗਰਾਨੀ ਵਧਾ ਦਿੱਤੀ ਗਈ ਹੈ।

ਪੰਜਾਬ ਪੁਲਿਸ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਵਿਗਾੜਨ ਵਾਲੇ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਗੈਰ-ਕਾਨੂੰਨੀ ਗਤੀਵਿਧੀਆਂ, ਨਸ਼ਾ ਤਸਕਰੀ ਅਤੇ ਗੈਂਗਸਟਰਵਾਦ ਖ਼ਿਲਾਫ਼ ਵਿੱਢੀ ਗਈ ਇਹ ਮੁਹਿੰਮ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ ਤਾਂ ਜੋ ਸਰਹੱਦੀ ਪੱਟੀ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਇਆ ਜਾ ਸਕੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 ਭਾਰੀ ਮੀਂਹ ਨੇ ਦਿੱਤੀ ਗਰਮੀ ਤੋਂ ਰਾਹਤ, ਪਰ ਥਾਂ-ਥਾਂ ਜਲਭਰਾਅ ਨੇ ‘ਸਮਾਰਟ ਸਿਟੀ’ ਦਾ ਕੀਤਾ ਬੁਰਾ ਹਾਲ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *