ਗੁਰਦਾਸਪੁਰ : ਗੁਰਦਾਸਪੁਰ ਦੇ ਸੰਗਲਪੁਰਾ ਰੋਡ ‘ਤੇ ਚੋਰਾਂ ਦੇ ਬੁਲੰਦ ਹੌਸਲਿਆਂ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦਿਨ-ਦਿਹਾੜੇ ਇੱਕ ਦੁਕਾਨ ਦੇ ਬਾਹਰੋਂ ਦੇਸੀ ਘਿਓ ਨਾਲ ਭਰੀ ਪੇਟੀ ਚੋਰੀ ਕਰਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਦੁਕਾਨ ‘ਤੇ ਲੱਗੇ ਸੀਸੀਟੀਵੀ (CCTV) ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਸੰਗਲਪੁਰਾ ਰੋਡ ਸਥਿਤ ਗੋਇਲ ਸੇਲਜ਼ ਕਾਰਪੋਰੇਸ਼ਨ ਦੇ ਮਾਲਕ ਕੇਸ਼ਵ ਗੋਇਲ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ ਅਤੇ ਉਨ੍ਹਾਂ ਦੇ ਪਿਤਾ ਦੁਕਾਨ ‘ਤੇ ਮੌਜੂਦ ਸਨ। ਦੁਕਾਨ ਦੇ ਬਾਹਰ ‘ਸਿਫਤੀ’ ਕੰਪਨੀ ਦੇ ਦੇਸੀ ਘਿਓ ਦੀਆਂ ਕਰੀਬ 10 ਪੇਟੀਆਂ ਰੱਖੀਆਂ ਹੋਈਆਂ ਸਨ।
ਇਸੇ ਦੌਰਾਨ ਦੁਪਹਿਰ ਵੇਲੇ ਇੱਕ ਮੋਟਰਸਾਈਕਲ ਸਵਾਰ ਸਿੱਖ ਨੌਜਵਾਨ ਆਇਆ। ਉਸਨੇ ਬੜੀ ਚਲਾਕੀ ਨਾਲ ਮਿੰਟਾਂ-ਸਕਿੰਟਾਂ ਵਿੱਚ 18 ਕਿਲੋ ਵਜ਼ਨੀ ਇੱਕ ਪੇਟੀ ਚੁੱਕੀ, ਆਪਣੇ ਮੋਟਰਸਾਈਕਲ ਦੇ ਅੱਗੇ ਰੱਖੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਦੁਕਾਨਦਾਰ ਅੰਦਰ ਕੰਮ ਕਰਦਾ ਰਿਹਾ ਅਤੇ ਉਸਨੂੰ ਇਸ ਵਾਰਦਾਤ ਦੀ ਭਿਣਕ ਤੱਕ ਨਹੀਂ ਲੱਗੀ।
ਇਸ ਚੋਰੀ ਦਾ ਪਤਾ ਉਸ ਸਮੇਂ ਲੱਗਾ ਜਦੋਂ ਕੇਸ਼ਵ ਗੋਇਲ ਵਾਪਸ ਦੁਕਾਨ ‘ਤੇ ਆਏ। ਜਦੋਂ ਉਨ੍ਹਾਂ ਨੇ ਸਾਮਾਨ ਅੱਗੇ ਭੇਜਣ ਲਈ ਪੇਟੀਆਂ ਦੀ ਗਿਣਤੀ ਕੀਤੀ, ਤਾਂ ਇੱਕ ਪੇਟੀ ਘੱਟ ਮਿਲੀ। ਸ਼ੱਕ ਪੈਣ ‘ਤੇ ਜਦੋਂ ਦੁਕਾਨ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ, ਤਾਂ ਚੋਰ ਦੀ ਇਹ ਸਾਰੀ ਕਰਤੂਤ ਸਾਹਮਣੇ ਆਈ।
ਇਸ ਘਟਨਾ ਨੇ ਇਲਾਕੇ ਦੇ ਦੁਕਾਨਦਾਰਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਪੀੜਤ ਦੁਕਾਨਦਾਰ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਚੋਰਾਂ ਵਿੱਚ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ, ਜੋ ਸ਼ਰੇਆਮ ਖੁੱਲ੍ਹੀਆਂ ਦੁਕਾਨਾਂ ਦੇ ਬਾਹਰੋਂ ਚੀਜ਼ਾਂ ਚੁੱਕ ਕੇ ਫਰਾਰ ਹੋ ਜਾਂਦੇ ਹਨ।
ਫਿਲਹਾਲ, ਇਸ ਚੋਰੀ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


