ਦਿੱਲੀ : ਲੱਦਾਖ ਦੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੀ ਸਿਹਤ ਅਤੇ ਹਸਪਤਾਲ ਵਿੱਚ ਉਹਨਾਂ ਦੀ ਮੌਜੂਦਗੀ ਨੂੰ ਲੈ ਕੇ ਦਿੱਲੀ ਹਾਈਕੋਰਟ ਵਿੱਚ ਅਹਿਮ ਸੁਣਵਾਈ ਹੋਈ। ਅਦਾਲਤ ਨੇ ਇਸ ਮਾਮਲੇ ਵਿੱਚ ਕੋਈ ਵੀ ਅੰਤਰਿਮ ਆਦੇਸ਼ ਜਾਰੀ ਕਰਨ ਤੋਂ ਇਨਕਾਰ ਕਰਦੇ ਹੋਏ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਸੁਣਵਾਈ ਵਾਂਗਚੁਕ ਦੀ ਪਤਨੀ ਗੀਤਾਂਜਲੀ ਆਂਗਮੋ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ‘ਤੇ ਹੋਈ। ਅਦਾਲਤ ਨੇ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਵਾਂਗਚੁਕ ਦੀ ਪਤਨੀ ਅਤੇ ਉਹਨਾਂ ਦੇ ਨਾਲ ਆਏ ਹੋਰ ਲੋਕਾਂ ਨੂੰ ਅਲੱਗ ਰੈਸਟ ਰੂਮ ਦਿੱਤਾ ਜਾਵੇ ਅਤੇ ਉਹਨਾਂ ਨੂੰ ਸੋਨਮ ਵਾਂਗਚੁਕ ਨਾਲ ਮਿਲਣ ਦੀ ਪੂਰੀ ਇਜਾਜ਼ਤ (ਐਕਸੈਸ) ਹੋਵੇ।
ਸੁਣਵਾਈ ਦੌਰਾਨ ਅਦਾਲਤ ਵਿੱਚ ਵਾਂਗਚੁਕ ਦੇ ਪੱਖ ਤੋਂ ਸੀਨੀਅਰ ਵਕੀਲ ਕਪਿਲ ਸਿਬਲ ਅਤੇ ਵਿਵੇਕ ਤੰਖਾ ਮੌਜੂਦ ਰਹੇ, ਜਦਕਿ ਸਰਕਾਰ ਵੱਲੋਂ ਐਡੀਸ਼ਨਲ ਸਾਲਿਸਟਰ ਜਨਰਲ (ASG) ਚੇਤਨ ਸ਼ਰਮਾ ਨੇ ਪੱਖ ਰੱਖਿਆ।
“ਅਸੀਂ ਆਪਣੀ ਪਸੰਦ ਦੇ ਹਸਪਤਾਲ ‘ਚ ਇਲਾਜ ਚਾਹੁੰਦੇ ਹਾਂ” – ਕਪਿਲ ਸਿਬਲ
ਅਦਾਲਤ ਵਿੱਚ ਬਹਿਸ ਦੀ ਸ਼ੁਰੂਆਤ ਕਰਦਿਆਂ ਸੀਨੀਅਰ ਐਡਵੋਕੇਟ ਕਪਿਲ ਸਿਬਲ ਨੇ ਕਿਹਾ ਕਿ ਸੋਨਮ ਵਾਂਗਚੁਕ ਕੋਈ ਹਿਰਾਸਤ ਵਿੱਚ ਨਹੀਂ ਹਨ, ਉਹ ਭਾਰਤ ਦੇ ਇੱਕ ਆਜ਼ਾਦ ਨਾਗਰਿਕ ਹਨ। ਇਸ ਲਈ ਉਹਨਾਂ ਨੂੰ ਆਪਣੀ ਪਸੰਦ ਦੇ ਹਸਪਤਾਲ ਵਿੱਚ ਜਾਣ ਦਾ ਪੂਰਾ ਅਧਿਕਾਰ ਹੈ। ਸਿਬਲ ਨੇ ਕਿਹਾ, “ਅਸੀਂ ਮੇਦਾਂਤਾ ਹਸਪਤਾਲ ਨਾਲ ਗੱਲ ਕੀਤੀ ਹੈ, ਜੋ ਕਿ ਇੱਕ ਵਿਸ਼ਵ ਪੱਧਰੀ ਹਸਪਤਾਲ ਹੈ। ਜੇਕਰ AIIMS ਦੇ ਡਾਕਟਰ ਵੀ ਉੱਥੇ ਇਲਾਜ ਪ੍ਰਕਿਰਿਆ ਵਿੱਚ ਸ਼ਾਮਲ ਹੋਣਾ ਚਾਹੁਣ, ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ।”
ਉਹਨਾਂ ਦੋਸ਼ ਲਗਾਇਆ ਕਿ ਵਾਂਗਚੁਕ ਨੂੰ ਉਹਨਾਂ ਦੇ ਵਕੀਲ ਅਤੇ ਨਿੱਜੀ ਡਾਕਟਰ ਨਾਲ ਮਿਲਣ ਤੋਂ ਰੋਕਿਆ ਜਾ ਰਿਹਾ ਹੈ। ਜਦੋਂ ਅਦਾਲਤ ਨੇ ਪੁੱਛਿਆ ਕਿ ਸਰਕਾਰੀ ਡਾਕਟਰਾਂ ‘ਤੇ ਅਵਿਸ਼ਵਾਸ ਕਿਉਂ ਜਤਾਇਆ ਜਾ ਰਿਹਾ ਹੈ, ਤਾਂ ਸਿਬਲ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਡਾਕਟਰਾਂ ‘ਤੇ ਕੋਈ ਅਵਿਸ਼ਵਾਸ ਨਹੀਂ ਹੈ, ਪਰ ਉਹ ਸਿਰਫ਼ ਆਪਣੀ ਪਸੰਦ ਦੇ ਹਸਪਤਾਲ ਵਿੱਚ ਇਲਾਜ ਕਰਵਾਉਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਉਹਨਾਂ ਦਾਅਵਾ ਕੀਤਾ ਕਿ ਹਸਪਤਾਲ ਦੇ ਕਮਰੇ ਵਿੱਚ ਪੁਲਿਸ ਕਰਮੀ ਮੌਜੂਦ ਹੈ, ਜਿਸ ਕਾਰਨ ਮਰੀਜ਼ ਦਾ ਬਲੱਡ ਪ੍ਰੈਸ਼ਰ ਵਧ ਰਿਹਾ ਹੈ।
18 ਦਿਨਾਂ ਦੀ ਭੁੱਖ ਹੜਤਾਲ ਕਾਰਨ ਕਿਡਨੀ ਫੰਕਸ਼ਨ ਪ੍ਰਭਾਵਿਤ: ਸਰਕਾਰ
ਦੂਜੇ ਪਾਸੇ, ਏਐਸਜੀ ਚੇਤਨ ਸ਼ਰਮਾ ਨੇ ਅਦਾਲਤ ਦੇ ਸਾਹਮਣੇ ਸੋਨਮ ਵਾਂਗਚੁਕ ਦੀ ਸਿਹਤ ਰਿਪੋਰਟ ਪੇਸ਼ ਕੀਤੀ। ਉਹਨਾਂ ਦੱਸਿਆ ਕਿ ਵਾਂਗਚੁਕ ਸ਼ੂਗਰ ਦੇ ਮਰੀਜ਼ ਨਹੀਂ ਹਨ, ਪਰ 18 ਦਿਨਾਂ ਦੀ ਲਗਾਤਾਰ ਭੁੱਖ ਹੜਤਾਲ (ਫਾਸਟਿੰਗ) ਕਾਰਨ ਉਹਨਾਂ ਦੇ ਕਿਡਨੀ ਫੰਕਸ਼ਨ ਵਿੱਚ ਸਮੱਸਿਆ ਆ ਰਹੀ ਹੈ। ਉਹਨਾਂ ਦੇ ਸਰੀਰ ਦੇ ਕਈ ਪੈਰਾਮੀਟਰ ਬਾਰਡਰ ਲਾਈਨ ‘ਤੇ ਹਨ ਅਤੇ ਸ਼ੂਗਰ ਤੇ ਪੋਟਾਸ਼ੀਅਮ ਦਾ ਪੱਧਰ ਕਾਫ਼ੀ ਹੇਠਾਂ ਡਿੱਗ ਗਿਆ ਹੈ।
ਸੁਣਵਾਈ ਦੌਰਾਨ ਮੌਜੂਦ ਏਮਜ਼ ਦੇ ਐਡੀਸ਼ਨਲ ਪ੍ਰੋਫੈਸਰ ਡਾ. ਅਕਸ਼ੈ ਨੇ ਦੱਸਿਆ ਕਿ ਵਾਂਗਚੁਕ ਨੂੰ ਬਿਨਾਂ ਸ਼ੂਗਰ ਦੇ ਇਲੈਕਟ੍ਰੋਲਾਈਟਸ ਅਤੇ ਪੋਟਾਸ਼ੀਅਮ ਦਿੱਤਾ ਜਾ ਰਿਹਾ ਹੈ। ਉਹਨਾਂ ਨੂੰ ਆਈਵੀ (IV) ਰਾਹੀਂ ਵਿਟਾਮਿਨ ਦੇਣ ਦੀ ਲੋੜ ਹੈ, ਪਰ ਉਹਨਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਉਹ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰ ਰਹੀ ਹੈ ਅਤੇ ਬਹੁਤ ਸੁਚੇਤ ਹੈ, ਅਤੇ ਜੇਕਰ ਲੋੜ ਪਈ ਤਾਂ ਵਾਂਗਚੁਕ ਨੂੰ ਏਮਜ਼ (AIIMS) ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ। ਸਰਕਾਰ ਨੇ ਕਮਰੇ ਵਿੱਚ ਪੁਲਿਸ ਮੁਲਾਜ਼ਮ ਦੀ ਮੌਜੂਦਗੀ ਦੇ ਦਾਅਵੇ ਨੂੰ ਵੀ ਖਾਰਜ ਕੀਤਾ।
ਪਤਨੀ ਦੇ ਗੰਭੀਰ ਦੋਸ਼
ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਆਂਗਮੋ ਨੇ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਗਾਏ ਹਨ। ਉਹਨਾਂ ਦਾ ਕਹਿਣਾ ਹੈ ਕਿ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਹਸਪਤਾਲ ਪ੍ਰਸ਼ਾਸਨ ਉਹਨਾਂ ਦੇ ਪਤੀ ਨੂੰ ਡਿਸਚਾਰਜ ਨਹੀਂ ਕਰ ਰਿਹਾ ਅਤੇ ਨਾ ਹੀ ਕਿਸੇ ਨਿੱਜੀ ਹਸਪਤਾਲ ਵਿੱਚ ਸ਼ਿਫਟ ਕਰਨ ਦੀ ਇਜਾਜ਼ਤ ਦੇ ਰਿਹਾ ਹੈ। ਗੀਤਾਂਜਲੀ ਆਂਗਮੋ ਨੇ ਦੋਸ਼ ਲਗਾਇਆ ਕਿ ਵਾਰਡ ਦੇ ਬਾਹਰ ਲਗਭਗ 30 ਪੁਲਿਸ ਕਰਮੀ ਅਤੇ ਪੂਰੇ ਹਸਪਤਾਲ ਕੰਪਲੈਕਸ ਵਿੱਚ 100 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਿਸ ਕਾਰਨ ਉਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਹਨਾਂ ਨੇ ਇਸ ਪੂਰੀ ਪ੍ਰਕਿਰਿਆ ਨੂੰ ਡਾਕਟਰੀ ਦੇਖਭਾਲ ਦੀ ਬਜਾਏ ‘ਗੈਰ-ਕਾਨੂੰਨੀ ਹਿਰਾਸਤ’ ਕਰਾਰ ਦਿੱਤਾ ਹੈ। ਹੁਣ ਸਾਰੀਆਂ ਨਜ਼ਰਾਂ ਦਿੱਲੀ ਹਾਈਕੋਰਟ ਦੀ ਅਗਲੀ ਸੁਣਵਾਈ ‘ਤੇ ਟਿਕੀਆਂ ਹੋਈਆਂ ਹਨ, ਜਿੱਥੇ ਇਸ ਮਾਮਲੇ ਅਤੇ ਪਟੀਸ਼ਨ ‘ਤੇ ਅਗਲੀ ਕਾਰਵਾਈ ਤੈਅ ਹੋਵੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

