ਕਪੂਰਥਲਾ : ਕਪੂਰਥਲਾ ਦੇ ਕਾਲਾ ਸੰਘਿਆਂ ਖੇਤਰ ਦੇ ਅਧੀਨ ਪੈਂਦੇ ਪਿੰਡ ਮੱਲੂ ਕਾਦਰਾਬਾਦ ਵਿੱਚ ਸੋਮਵਾਰ ਦੇਰ ਰਾਤ ਜ਼ਹਿਰੀਲਾ ਪਦਾਰਥ ਪੀਣ ਦੇ ਦੁਖਦਾਈ ਮਾਮਲੇ ਵਿੱਚ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸਿਵਲ ਹਸਪਤਾਲ ਕਪੂਰਥਲਾ ਵਿੱਚ ਪਹਿਲਾਂ ਇੱਕ ਬੱਚੀ ਦੀ ਮੌਤ ਹੋਣ ਤੋਂ ਬਾਅਦ, ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕੀਤੀ ਗਈ ਮਾਂ ਸੰਤੋਸ਼ ਕੁਮਾਰੀ (28) ਅਤੇ ਉਸਦੀ 8 ਸਾਲਾ ਧੀ ਅੰਮ੍ਰਿਤਾ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ।
ਇਲਾਜ ਦੌਰਾਨ ਹੋਈਆਂ ਮੌਤਾਂ ਅਤੇ ਹਾਦਸੇ ਦਾ ਪਿਛੋਕੜ
ਸੋਮਵਾਰ ਰਾਤ ਨੂੰ ਸੰਤੋਸ਼ ਕੁਮਾਰੀ ਅਤੇ ਉਸਦੀਆਂ ਦੋਵਾਂ ਧੀਆਂ ਦੀ ਸਿਹਤ ਅਚਾਨਕ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਕਪੂਰਥਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ। ਉੱਥੇ ਇਲਾਜ ਦੌਰਾਨ 6 ਸਾਲਾ ਬੱਚੀ ਖੁਸ਼ੀ ਦੀ ਮੌਤ ਹੋ ਗਈ, ਜਦਕਿ ਮਾਂ ਅਤੇ ਵੱਡੀ ਧੀ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਸੀ। ਪਰ ਬਦਕਿਸਮਤੀ ਨਾਲ, ਉਨ੍ਹਾਂ ਦੋਵਾਂ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਦੂਜੇ ਪਾਸੇ, ਔਰਤ ਦਾ 2 ਸਾਲ ਦਾ ਮਾਸੂਮ ਪੁੱਤਰ ਘਰ ਵਿੱਚ ਹੋਣ ਕਾਰਨ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਹਾਦਸਾ ਜਾਂ ਖ਼ੁਦਕੁਸ਼ੀ?
ਇਸ ਦੁਖਾਂਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੇ ਦੋ ਵੱਖ-ਵੱਖ ਬਿਆਨ ਸਾਹਮਣੇ ਆ ਰਹੇ ਹਨ। ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਘਰੇਲੂ ਕਲੇਸ਼ ਕਾਰਨ ਉਸਦੀ ਪਤਨੀ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ ਅਤੇ ਖ਼ੁਦ ਸਣੇ ਦੋਵਾਂ ਧੀਆਂ ਨੂੰ ਪਾਣੀ ਵਿੱਚ ਕੀਟਨਾਸ਼ਕ ਮਿਲਾ ਕੇ ਪਿਲਾ ਦਿੱਤਾ। ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਇਹ ਕੋਈ ਖ਼ੁਦਕੁਸ਼ੀ ਨਹੀਂ ਬਲਕਿ ਇੱਕ ਹਾਦਸਾ ਹੈ। ਉਨ੍ਹਾਂ ਮੁਤਾਬਕ ਖੇਤਾਂ ਵਿੱਚ ਕੰਮ ਕਰਦੇ ਸਮੇਂ ਗ਼ਲਤੀ ਨਾਲ ਕੀਟਨਾਸ਼ਕ ਵਾਲੀ ਖਾਲੀ ਬੋਤਲ ਵਿੱਚ ਪਾਣੀ ਭਰ ਕੇ ਪੀ ਲਿਆ ਗਿਆ, ਜਿਸ ਕਾਰਨ ਇਹ ਭਾਣਾ ਵਾਪਰਿਆ।
ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ
ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸਲ ਸੱਚਾਈ ਪੋਸਟਮਾਰਟਮ ਦੀ ਰਿਪੋਰਟ ਅਤੇ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Humanity in medical college is shameful: ਲਾਵਾਰਿਸ ਮਰੀਜ਼ ਦੀ ਮੌਤ ਤੋਂ ਬਾਅਦ ਲਾਸ਼ ਬਾਹਰ ਸੁੱਟੀ, ਡਾਕਟਰ ਸਸਪੈਂਡ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

