ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੇ ਗਠਜੋੜ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਇੱਕ ਬਹੁਤ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਨੇ ਇੱਕ ਵਿਸ਼ੇਸ਼ ਆਪ੍ਰੇਸ਼ਨ ਦੌਰਾਨ 25 ਕਿੱਲੋ ਹੈਰੋਇਨ ਦੀ ਵੱਡੀ ਖੇਪ ਸਮੇਤ ਤਿੰਨ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਹ ਕਾਰਵਾਈ ਅੰਮ੍ਰਿਤਸਰ ਦੇ ਮਹਿਤਾ ਰੋਡ ‘ਤੇ ਸਥਿਤ ਪਿੰਡ ਗਿੱਲ ਦੇ ਨੇੜੇ ਕੀਤੀ ਗਈ, ਜਿੱਥੇ ਨਾਕਾਬੰਦੀ ਦੌਰਾਨ ਇੱਕ ਵਰਨਾ ਕਾਰ (Verna Car) ਵਿੱਚ ਸਵਾਰ ਇਨ੍ਹਾਂ ਮੁਲਜ਼ਮਾਂ ਨੂੰ ਦਬੋਚਿਆ ਗਿਆ।
ਸੋਨੂ ਖੱਤਰੀ ਗੈਂਗ ਦਾ ਨਾਮੀ ਗੈਂਗਸਟਰ ਚੜ੍ਹਿਆ ਪੁਲਿਸ ਹੱਥ
ਫੜੇ ਗਏ ਮੁਲਜ਼ਮਾਂ ਦੀ ਪਛਾਣ ਬੇਹੱਦ ਹਾਈ-ਪ੍ਰੋਫਾਈਲ ਅਪਰਾਧਿਕ ਪਿਛੋਕੜ ਵਾਲੀ ਨਿਕਲੀ ਹੈ। ਕਾਬੂ ਕੀਤੇ ਗਏ ਤਸਕਰਾਂ ਵਿੱਚ ਖ਼ਤਰਨਾਕ ‘ਸੋਨੂ ਖੱਤਰੀ ਗੈਂਗ’ ਦਾ ਨਾਮੀ ਗੈਂਗਸਟਰ ਭੁਪਿੰਦਰ ਸਿੰਘ ਉਰਫ਼ ਭਿੰਦਾ ਖਰੋੜ ਅਤੇ ਉਸ ਦਾ ਸਾਥੀ ਰਵੀ ਕੁਮਾਰ ਸ਼ਾਮਲ ਹਨ, ਜੋ ਕਿ ਦਸੂਹਾ ਦੇ ਰਹਿਣ ਵਾਲੇ ਹਨ। ਪੁਲਿਸ ਮੁਤਾਬਕ ਗੈਂਗਸਟਰ ਭਿੰਦਾ ਖਰੋੜ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ 9 ਸੰਗੀਨ ਅਪਰਾਧਿਕ ਮਾਮਲੇ ਦਰਜ ਹਨ। ਇਸ ਦੇ ਨਾਲ ਹੀ, ਤੀਜੇ ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਦੇ ਰਹਿਣ ਵਾਲੇ ਵਿਸ਼ਾਲ ਕੁਮਾਰ ਵਜੋਂ ਹੋਈ ਹੈ।
ਪਾਕਿਸਤਾਨ ਨਾਲ ਜੁੜੀਆਂ ਤਾਰਾਂ
ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਫੜੇ ਗਏ ਤਸਕਰਾਂ ਦੇ ਤਾਰ ਸਿੱਧੇ ਤੌਰ ‘ਤੇ ਪਾਕਿਸਤਾਨੀ ਸਮਗਲਰਾਂ ਨਾਲ ਜੁੜੇ ਹੋਏ ਸਨ। ਹੈਰੋਇਨ ਦੀ ਇਹ ਕਰੋੜਾਂ ਰੁਪਏ ਦੀ ਖੇਪ ਸਰਹੱਦ ਪਾਰ ਤੋਂ ਡਰੋਨ ਰਾਹੀਂ ਭਾਰਤੀ ਇਲਾਕੇ ਵਿੱਚ ਸੁੱਟੀ ਗਈ ਸੀ, ਜਿਸ ਨੂੰ ਅੱਗੇ ਸਪਲਾਈ ਕਰਨ ਦੀ ਤਿਆਰੀ ਸੀ। ਇਹ ਸਾਰੀ ਸਫ਼ਲ ਬਰਾਮਦਗੀ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਇੰਦਰਦੀਪ ਸਿੰਘ ਦੀ ਅਗਵਾਈ ਹੇਠਲੀ ਮੁਸਤੈਦ ਟੀਮ ਵੱਲੋਂ ਕੀਤੀ ਗਈ ਹੈ। ਪੁਲਿਸ ਹੁਣ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਜਾਂਚ ਕਰ ਰਹੀ ਹੈ ਤਾਂ ਜੋ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦਾ ਵੀ ਪਰਦਾਫਾਸ਼ ਕੀਤਾ ਜਾ ਸਕੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



