ਡੇਰਾ ਬਾਬਾ ਨਾਨਕ : ਰਾਵੀ ਦਰਿਆ ਵਿੱਚ ਕਥਿਤ ਨਜਾਇਜ਼ ਮਾਈਨਿੰਗ ਅਤੇ ਰੇਤ ਮਾਫੀਆ ਨੂੰ ਨੱਥ ਪਾਉਣ ਲਈ ਡੇਰਾ ਬਾਬਾ ਨਾਨਕ ਪੁਲਿਸ ਵੱਲੋਂ ਇੱਕ ਵੱਡੀ ਮੁਹਿੰਮ ਤਹਿਤ ਘਣੀਏ ਕੇ ਬੇਟ ਅਤੇ ਘੋਨੇਵਾਲ ਦੇ ਨਜ਼ਦੀਕ ਰਾਵੀ ਦਰਿਆ ‘ਤੇ ਅਚਾਨਕ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਉਸ ਵੇਲੇ ਹੋਰ ਤੇਜ਼ ਹੋ ਗਈ ਜਦੋਂ ਬੀਤੇ ਦਿਨ ਹਲਕਾ ਗੁਰਦਾਸਪੁਰ ਦੇ ਸੰਸਦ ਮੈਂਬਰ (MP) ਸੁਖਜਿੰਦਰ ਸਿੰਘ ਰੰਧਾਵਾ ਖੁਦ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਉੱਥੋਂ ਲਾਈਵ ਹੋ ਕੇ ਪ੍ਰਸ਼ਾਸਨ ‘ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਛਾਪੇਮਾਰੀ ਦੌਰਾਨ ਪੁਲਿਸ ਨੇ ਮੌਕੇ ਤੋਂ ਰੇਤ ਨਾਲ ਭਰੇ ਕਈ ਟਿੱਪਰ ਵੀ ਜ਼ਬਤ ਕੀਤੇ, ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ।
ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ‘ਤੇ ਭਾਰੀ ਪੁਲਿਸ ਫੋਰਸ ਨਾਲ ਪਹੁੰਚੇ DSP ਜੋਗਾ ਸਿੰਘ
ਇਸ ਪੂਰੀ ਕਾਰਵਾਈ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਨਾਨਕ ਦੇ ਡੀ.ਐਸ.ਪੀ. ਜੋਗਾ ਸਿੰਘ ਨੇ ਦੱਸਿਆ ਕਿ ਮਾਨਯੋਗ ਡੀ.ਆਈ.ਜੀ. (ਬਾਰਡਰ ਰੇਂਜ) ਅਤੇ ਐਸ.ਐਸ.ਪੀ. ਬਟਾਲਾ ਡਾ. ਮਹਿਤਾਬ ਸਿੰਘ ਦੇ ਸਖ਼ਤ ਦਿਸ਼ਾ-ਨਿਰਦੇਸ਼ਾਂ ਹੇਠ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਸੀ। ਉਹ ਭਾਰੀ ਪੁਲਿਸ ਫੋਰਸ ਸਮੇਤ ਰਾਵੀ ਦਰਿਆ ਦੇ ਕੰਢੇ ਪਹੁੰਚੇ ਅਤੇ ਰੇਤ ਨਾਲ ਭਰੇ ਟਿੱਪਰਾਂ ਨੂੰ ਕਾਬੂ ਕੀਤਾ।
ਮਾਈਨਿੰਗ ਅਤੇ ਡਰੇਨੇਜ ਵਿਭਾਗ ਨੇ ਕੀ ਕੀਤਾ ਦਾਅਵਾ
ਡੀ.ਐਸ.ਪੀ. ਜੋਗਾ ਸਿੰਘ ਨੇ ਅੱਗੇ ਦੱਸਿਆ ਕਿ ਜਦੋਂ ਇਸ ਮਾਮਲੇ ਸਬੰਧੀ ਐਕਸੀਅਨ ਗੁਰਮੀਤ ਸਿੰਘ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਨੇ ਤੁਰੰਤ ਡਰੇਨੇਜ ਵਿਭਾਗ ਦੇ ਐਸ.ਡੀ.ਓ. ਰਾਹੁਲ ਮੁਹਾਜਨ ਅਤੇ ਅੰਮ੍ਰਿਤਸਰ ਦਿਹਾਤੀ ਦੇ ਜੂਨੀਅਰ ਇੰਜੀਨੀਅਰ ਅਭਿਸ਼ੇਕ ਨੂੰ ਮੌਕੇ ‘ਤੇ ਭੇਜਿਆ। ਮੌਕੇ ‘ਤੇ ਪਹੁੰਚੇ ਇਨ੍ਹਾਂ ਸਰਕਾਰੀ ਅਧਿਕਾਰੀਆਂ ਨੇ ਪੁਲਿਸ ਨੂੰ ਸਪੱਸ਼ਟ ਕੀਤਾ ਕਿ ਉੱਥੇ ਕੋਈ ਵੀ ਨਜਾਇਜ਼ ਮਾਈਨਿੰਗ ਨਹੀਂ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਬਰਸਾਤੀ ਮੌਸਮ ਅਤੇ ਹੜ੍ਹਾਂ ਦੇ ਖ਼ਤਰੇ ਨੂੰ ਦੇਖਦਿਆਂ ਵਿਭਾਗ ਵੱਲੋਂ ਦਰਿਆ ਦੀ ਕੁਦਰਤੀ ਸਫ਼ਾਈ (ਡੀ-ਸਿਲਟਿੰਗ) ਦਾ ਕੰਮ ਕਰਵਾਇਆ ਜਾ ਰਿਹਾ ਹੈ।
ਵਿਭਾਗ ਵੱਲੋਂ ਲਿਖਤੀ ਕਲੀਨ ਚਿੱਟ ਤੋਂ ਬਾਅਦ ਛੱਡੇ ਗਏ ਟਿੱਪਰ
ਪੁਲਿਸ ਮੁਤਾਬਕ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਲਿਖਤੀ ਤੌਰ ‘ਤੇ ਪੁਲਿਸ ਨੂੰ ਸੂਚਿਤ ਕੀਤਾ ਹੈ ਕਿ ਇਹ ਕੰਮ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਦਰਿਆ ਦੇ ਵਹਾਅ ਨੂੰ ਦਰੁਸਤ ਕਰਨ ਲਈ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਿਹੜੇ ਟਰੱਕਾਂ/ਟਿੱਪਰਾਂ ਨੂੰ ਪੁਲਿਸ ਨੇ ਫੜਿਆ ਸੀ, ਉਹ ਵਿਭਾਗ ਵੱਲੋਂ ਖੁਦ ਦਰਿਆ ਦੀ ਸਫ਼ਾਈ ਦੇ ਕੰਮ ਲਈ ਲਗਾਏ ਗਏ ਸਨ। ਇਸ ਲਿਖਤੀ ਸਪੱਸ਼ਟੀਕਰਨ ਤੋਂ ਬਾਅਦ ਪੁਲਿਸ ਵੱਲੋਂ ਫੜੇ ਗਏ ਵਾਹਨਾਂ ਨੂੰ ਛੱਡ ਦਿੱਤਾ ਗਿਆ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



