ਕਪੂਰਥਲਾ : ਕਪੂਰਥਲਾ ਦੀ ਨਵੀਂ ਦਾਣਾ ਮੰਡੀ ਵਿੱਚ ਇੱਕ ਆੜ੍ਹਤੀ ਵੱਲੋਂ ਮਜ਼ਦੂਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਆਰੋਪ ਹੈ ਕਿ ਮਾਮੂਲੀ ਤਕਰਾਰ ਤੋਂ ਬਾਅਦ ਗੁੱਸੇ ਵਿੱਚ ਆਏ ਆੜ੍ਹਤੀ ਨੇ ਮਜ਼ਦੂਰ ‘ਤੇ ਫਾਹਵੜੇ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਮਜ਼ਦੂਰ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਹ ਪੂਰੀ ਘਟਨਾ ਮੰਡੀ ਵਿੱਚ ਲੱਗੇ ਸੀਸੀਟੀਵੀ (CCTV) ਕੈਮਰੇ ਵਿੱਚ ਕੈਦ ਹੋ ਗਈ ਹੈ।
ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ 59 ਸਾਲਾ ਮਜ਼ਦੂਰ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਨਵੀਂ ਦਾਣਾ ਮੰਡੀ ਵਿੱਚ ‘ਗੋਪਾਲ ਦਾਸ ਯਸ਼ਪਾਲ’ ਨਾਮਕ ਆੜ੍ਹਤੀ ਕੋਲ ਬਤੌਰ ਲੇਬਰ ਕੰਮ ਕਰਦਾ ਹੈ। ਬੀਤੇ ਦਿਨੀਂ ਜਦੋਂ ਅਚਾਨਕ ਮੀਂਹ ਸ਼ੁਰੂ ਹੋਇਆ, ਤਾਂ ਇੱਕ ਕਿਸਾਨ ਆਪਣੀ ਮੱਕੀ ਦੀ ਫ਼ਸਲ ਨੂੰ ਭਿੱਜਣ ਤੋਂ ਬਚਾਉਣ ਲਈ ਉਸ ਉੱਪਰ ਤਿਰਪਾਲ ਢਕ ਰਿਹਾ ਸੀ। ਤਿਰਪਾਲ ਨੂੰ ਹਵਾ ਤੋਂ ਬਚਾਉਣ ਲਈ ਕਿਸਾਨ ਨੇ ਕੋਲ ਪਈ ਇੱਕ ਦੂਜੇ ਆੜ੍ਹਤੀ ਦੀ ਮੱਕੀ ਦੀ ਬੋਰੀ ਉਸ ਉੱਪਰ ਰੱਖ ਦਿੱਤੀ।
ਮਨਜੀਤ ਸਿੰਘ ਮੁਤਾਬਕ, ਉਸ ਗੁਆਂਢੀ ਆੜ੍ਹਤੀ ਨੇ ਆਰੋਪ ਲਗਾਇਆ ਕਿ ਉਸ ਦੀ ਮੱਕੀ ਦੀ ਬੋਰੀ ਮੀਂਹ ਵਿੱਚ ਭਿੱਜ ਗਈ ਹੈ। ਜਦੋਂ ਮਨਜੀਤ ਸਿੰਘ ਨੇ ਆੜ੍ਹਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਬੋਰੀ ਉਸ ਨੇ ਨਹੀਂ ਬਲਕਿ ਕਿਸਾਨ ਨੇ ਰੱਖੀ ਹੈ ਅਤੇ ਸਾਰੀ ਹਕੀਕਤ ਮੰਡੀ ਦੇ ਸੀਸੀਟੀਵੀ ਕੈਮਰੇ ਵਿੱਚ ਦੇਖੀ ਜਾ ਸਕਦੀ ਹੈ, ਤਾਂ ਆੜ੍ਹਤੀ ਅੱਗ-ਬਬੂਲਾ ਹੋ ਗਿਆ। ਗੁੱਸੇ ਵਿੱਚ ਆ ਕੇ ਉਸ ਨੇ ਮੱਕੀ ਸਾਫ਼ ਕਰਨ ਵਾਲਾ ਫਾਹਵੜਾ ਚੁੱਕ ਲਿਆ ਅਤੇ ਮਨਜੀਤ ਸਿੰਘ ‘ਤੇ ਤਾਬੜਤੋੜ ਹਮਲਾ ਕਰ ਦਿੱਤਾ।
ਜ਼ਖ਼ਮੀ ਮਜ਼ਦੂਰ ਨੇ ਦੱਸਿਆ ਕਿ ਕੁੱਟਮਾਰ ਦੌਰਾਨ ਆੜ੍ਹਤੀ ਨੇ ਉਸ ਨੂੰ ਸ਼ਰੇਆਮ ਗਾਲਾਂ ਕੱਢੀਆਂ ਅਤੇ ਜਾਤੀਸੂਚਕ ਸ਼ਬਦਾਂ ਦਾ ਇਸਤੇਮਾਲ ਕਰਦਿਆਂ ਅਪਮਾਨਿਤ ਕੀਤਾ। ਮੌਕੇ ‘ਤੇ ਮੌਜੂਦ ਹੋਰਨਾਂ ਮਜ਼ਦੂਰਾਂ ਅਤੇ ਸਾਬਕਾ ਸਰਪੰਚ ਗੁਰਨਾਮ ਸਿੰਘ ਨੇ ਬੜੀ ਮੁਸ਼ਕਲ ਨਾਲ ਬਚਾਅ ਕਰਕੇ ਉਸ ਨੂੰ ਹਮਲਾਵਰ ਦੇ ਚੰਗੁਲ ਵਿੱਚੋਂ ਛੁਡਾਇਆ। ਪੀੜਤ ਵੱਲੋਂ ਥਾਣਾ ਸਿਟੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਜਸ਼ਨ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਖ਼ਮੀ ਮਜ਼ਦੂਰ ਦਾ ਇਲਾਜ ਚੱਲ ਰਿਆ ਹੈ। ਉਨ੍ਹਾਂ ਕਿਹਾ ਕਿ ਕੁੱਟਮਾਰ ਦੇ ਇਸ ਮਾਮਲੇ ਵਿੱਚ ਪੀੜਤ ਦੀ ਮੈਡੀਕਲ ਲੀਗਲ ਰਿਪੋਰਟ (MLR) ਤਿਆਰ ਕਰਕੇ ਥਾਣਾ ਸਿਟੀ ਪੁਲਿਸ ਨੂੰ ਭੇਜੀ ਜਾ ਰਹੀ ਹੈ। ਦੂਜੇ ਪਾਸੇ, ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੰਡੀ ਦੀ ਸੀਸੀਟੀਵੀ ਫੁਟੇਜ ਨੂੰ ਖੰਗਾਲ ਕੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


