ਫਤਿਹਗੜ੍ਹ ਸਾਹਿਬ : ਨੈਸ਼ਨਲ ਹਾਈਵੇਅ ‘ਤੇ ਪੈਂਦੇ ਪਿੰਡ ਜੀਉਨਪੁਰਾ ਵਿਖੇ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਹਰਿਆਣਾ ਦੇ ਕੈਥਲ ਜ਼ਿਲ੍ਹੇ ਨਾਲ ਸਬੰਧਤ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 23-24 ਸਾਲਾ ਕਾਰਤਿਕ ਭਾਰਦਵਾਜ (ਵਾਸੀ ਪਿੰਡ ਬਰੋਟ) ਅਤੇ ਰਜਤ (ਵਾਸੀ ਪਿੰਡ ਡਾਂਡ) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ ਜਾਣ ਦੀ ਤਿਆਰੀ ਵਿੱਚ ਸਨ ਅਤੇ ਵੀਜ਼ਾ ਬਾਇਓਮੀਟ੍ਰਿਕ ਕਰਵਾਉਣ ਲਈ ਜਲੰਧਰ ਜਾ ਰਹੇ ਸਨ।
ਕਾਰ ਪੰਕਚਰ ਹੋਣ ਮਗਰੋਂ ਮੰਗ ਰਹੇ ਸਨ ਮਦਦ
ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਲੰਧਰ ਜਾਂਦੇ ਸਮੇਂ ਹਾਈਵੇਅ ‘ਤੇ ਉਨ੍ਹਾਂ ਦੀ ਕਾਰ ਦਾ ਟਾਇਰ ਅਚਾਨਕ ਪੰਕਚਰ ਹੋ ਗਿਆ। ਕਾਰ ਵਿੱਚ ਟੂਲ ਕਿੱਟ ਨਾ ਹੋਣ ਕਾਰਨ ਦੋਵੇਂ ਨੌਜਵਾਨ ਗੱਡੀ ਸੜਕ ਕਿਨਾਰੇ ਖੜ੍ਹੀ ਕਰਕੇ ਲੰਘਣ ਵਾਲੇ ਵਾਹਨਾਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਸਨ। ਇਸੇ ਦੌਰਾਨ ਉੱਤਰਾਖੰਡ ਦੇ ਇੱਕ ਟਰੱਕ ਡਰਾਈਵਰ ਹਰਸ਼ ਸ਼ਰਮਾ ਨੇ ਇਨਸਾਨੀਅਤ ਦਿਖਾਉਂਦੇ ਹੋਏ ਉਨ੍ਹਾਂ ਦੀ ਮਦਦ ਲਈ ਆਪਣੀ ਗੱਡੀ ਰੋਕ ਲਈ।
ਤੇਜ਼ ਰਫ਼ਤਾਰ ਟਰੱਕ ਨੇ ਤਿੰਨਾਂ ਨੂੰ ਲਿਆ ਲਪੇਟ ਵਿੱਚ
ਜਦੋਂ ਉੱਤਰਾਖੰਡ ਦਾ ਟਰੱਕ ਡਰਾਈਵਰ ਦੋਵਾਂ ਨੌਜਵਾਨਾਂ ਦੀ ਮਦਦ ਕਰ ਰਿਹਾ ਸੀ, ਤਾਂ ਅੰਬਾਲਾ ਵੱਲੋਂ ਆ ਰਹੇ ਇੱਕ ਹੋਰ ਤੇਜ਼ ਰਫ਼ਤਾਰ ਟਰੱਕ ਨੇ ਸੜਕ ਕਿਨਾਰੇ ਖੜ੍ਹੇ ਤਿੰਨਾਂ ਜਣਿਆਂ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰਤਿਕ ਅਤੇ ਰਜਤ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਦੀ ਮਦਦ ਲਈ ਰੁਕਿਆ ਟਰੱਕ ਚਾਲਕ ਹਰਸ਼ ਸ਼ਰਮਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਉਹ ਇਸ ਵੇਲੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਥਾਣਾ ਮੁਲ੍ਹੇਪੁਰ ਦੇ ਸਹਾਇਕ ਥਾਣੇਦਾਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਹਾਈਵੇਅ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੋ ਜਵਾਨ ਪੁੱਤਾਂ ਦੀ ਅਚਾਨਕ ਮੌਤ ਕਾਰਨ ਕੈਥਲ ਜ਼ਿਲ੍ਹੇ ਦੇ ਦੋਵਾਂ ਪਿੰਡਾਂ ਵਿੱਚ ਮਾਤਮ ਪਸਰ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



