ਮਾਨਸਾ : ਮਾਨਸਾ ਸ਼ਹਿਰ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਬੀਤੇ ਦਿਨੀਂ ਇਲਾਕੇ ਵਿੱਚ ਚੱਲੀ ਤੇਜ਼ ਹਨੇਰੀ ਨੇ ਇੱਕ ਹੱਸਦੇ-ਖੇਡਦੇ ਪਰਿਵਾਰ ਦੀਆਂ ਖ਼ੁਸ਼ੀਆਂ ਉਜਾੜ ਦਿੱਤੀਆਂ। ਲੱਲੂਆਣਾ ਰੋਡ ‘ਤੇ ਹਨੇਰੀ ਕਾਰਨ ਇੱਕ ਘਰ ਦਾ ਲੋਹੇ ਦਾ ਗੇਟ ਅਤੇ ਦੀਵਾਰ ਅਚਾਨਕ ਢਹਿ-ਢੇਰੀ ਹੋ ਗਏ, ਜਿਸ ਦੀ ਲਪੇਟ ਵਿੱਚ ਆਉਣ ਨਾਲ 9 ਸਾਲ ਦੇ ਇੱਕ ਮਾਸੂਮ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਖ਼ਬਰ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਦਾਦੇ ਨਾਲ ਦੁੱਧ ਲੈਣ ਗਿਆ ਸੀ ਮਾਸੂਮ ਦਿਲਸ਼ਾਨ
ਮ੍ਰਿਤਕ ਬੱਚੇ ਦੀ ਪਛਾਣ ਦਿਲਸ਼ਾਨ ਇੰਸ਼ਾ ਵਜੋਂ ਹੋਈ ਹੈ, ਜੋ ਕਿ ਪੰਜਵੀਂ ਜਮਾਤ ਦਾ ਵਿਦਿਆਰਥੀ ਸੀ। ਮ੍ਰਿਤਕ ਦੇ ਪਿਤਾ ਜਸਵਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਬੀਤੇ ਕੱਲ੍ਹ ਦਿਲਸ਼ਾਨ ਆਪਣੇ ਦਾਦਾ ਜੀ ਨਾਲ ਘਰ ਦੇ ਨੇੜੇ ਇੱਕ ਦੁਕਾਨ ਤੋਂ ਦੁੱਧ ਲੈਣ ਗਿਆ ਸੀ। ਇਸੇ ਦੌਰਾਨ ਅਚਾਨਕ ਮੌਸਮ ਖ਼ਰਾਬ ਹੋ ਗਿਆ ਅਤੇ ਤੇਜ਼ ਹਨੇਰੀ ਚੱਲਣ ਲੱਗੀ। ਬਚਾਅ ਲਈ ਦਿਲਸ਼ਾਨ ਇੱਕ ਗੇਟ ਦੇ ਕੋਲ ਖੜ੍ਹਾ ਹੋ ਗਿਆ, ਪਰ ਹਨੇਰੀ ਦਾ ਵੇਗ ਇੰਨਾ ਤੇਜ਼ ਸੀ ਕਿ ਗੇਟ ਦੀਵਾਰ ਸਮੇਤ ਉਖੜ ਕੇ ਉਸ ਦੇ ਉੱਪਰ ਜਾ ਡਿੱਗਿਆ।
ਦੋ ਭੈਣਾਂ ਦਾ ਇਕਲੌਤਾ ਭਰਾ ਅਤੇ ਪੜ੍ਹਾਈ ‘ਚ ਸੀ ਹੁਸ਼ਿਆਰ
ਪਰਿਵਾਰ ਮੁਤਾਬਕ ਦਿਲਸ਼ਾਨ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਉਹ ਦੋ ਭੈਣਾਂ ਦਾ ਇਕਲੌਤਾ ਛੋਟਾ ਭਰਾ ਸੀ। ਆਪਣੇ ਇਕਲੌਤੇ ਪੁੱਤ ਦੀ ਅਚਾਨਕ ਹੋਈ ਮੌਤ ਨਾਲ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਸ਼ਹਿਰ ਵਾਸੀਆਂ ਅਤੇ ਗੁਆਂਢੀਆਂ ਨੇ ਵੀ ਇਸ ਮੰਦਭਾਗੀ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪੀੜਤ ਪਰਿਵਾਰ ਲਈ ਆਰਥਿਕ ਮਦਦ ਦੀ ਗੁਹਾਰ
ਇਸ ਦੁਖਦਾਇਕ ਹਾਦਸੇ ਤੋਂ ਬਾਅਦ ਗੁਆਂਢੀ ਸੰਦੀਪ ਸਿੰਘ ਅਤੇ ਹੋਰ ਸਥਾਨਕ ਲੋਕਾਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਇਲਾਕਾ ਨਿਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਗਰੀਬ ਅਤੇ ਪੀੜਤ ਪਰਿਵਾਰ ਦੇ ਹੋਏ ਅਸਹਿ ਘਾਟੇ ਨੂੰ ਮੁੱਖ ਰੱਖਦਿਆਂ ਜਲਦ ਤੋਂ ਜਲਦ ਬਣਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਵੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

