ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ਵਿੱਚ ਕ੍ਰਾਈਮ ਬ੍ਰਾਂਚ ਅਤੇ ਇੱਕ ਸ਼ਾਤਰ ਅਪਰਾਧੀ ਵਿਚਾਲੇ ਹੋਈ ਜ਼ਬਰਦਸਤ ਮੁਠਭੇੜ ਤੋਂ ਬਾਅਦ ਪੁਲਿਸ ਨੇ 5 ਹਜ਼ਾਰ ਰੁਪਏ ਦੇ ਇਨਾਮੀ ਬਦਮਾਸ਼ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹ ਮੁਠਭੇੜ ਗੁਰੂਗ੍ਰਾਮ ਦੇ ਸੈਕਟਰ 93 ਇਲਾਕੇ ਵਿੱਚ ਹੋਈ, ਜਿੱਥੇ ਪਾਲਮ ਵਿਹਾਰ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਨਾਕਾਬੰਦੀ ਕਰਕੇ ਆਰੋਪੀ ਨੂੰ ਦਬੋਚ ਲਿਆ।
ਦੋਵਾਂ ਪਾਸਿਆਂ ਤੋਂ ਚੱਲੀਆਂ ਗੋਲੀਆਂ
ਪੁਲਿਸ ਮੁਤਾਬਕ ਆਰੋਪੀ ਬਦਮਾਸ਼ ਨੇ ਆਪਣੇ ਆਪ ਨੂੰ ਘਿਰਿਆ ਦੇਖ ਕੇ ਪੁਲਿਸ ਟੀਮ ‘ਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਕੁੱਲ 7 ਰਾਊਂਡ ਗੋਲੀਆਂ ਚੱਲੀਆਂ। ਆਰੋਪੀ ਨੇ ਕ੍ਰਾਈਮ ਬ੍ਰਾਂਚ ਦੀ ਟੀਮ ‘ਤੇ 4 ਰਾਊਂਡ ਫਾਇਰ ਕੀਤੇ, ਜਿਨ੍ਹਾਂ ਵਿੱਚੋਂ ਇੱਕ ਗੋਲੀ ਇੱਕ ਪੁਲਿਸ ਮੁਲਾਜ਼ਮ ਦੀ ਬੁਲੇਟ ਪਰੂਫ਼ ਜੈਕਟ ‘ਤੇ ਜਾ ਲੱਗੀ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦਿਆਂ 3 ਰਾਊਂਡ ਫਾਇਰ ਕੀਤੇ ਗਏ, ਜਿਸ ਵਿੱਚ ਇੱਕ ਗੋਲੀ ਬਦਮਾਸ਼ ਦੇ ਪੈਰ ਵਿੱਚ ਲੱਗੀ ਅਤੇ ਉਹ ਜ਼ਖਮੀ ਹੋ ਗਿਆ।
ਅਗਵਾ ਦੇ ਮਾਮਲੇ ‘ਚ ਚੱਲ ਰਿਹਾ ਸੀ ਫ਼ਰਾਰ
ਫੜੇ ਗਏ ਬਦਮਾਸ਼ ਦੀ ਪਛਾਣ ਨਿਤਿਨ ਵਜੋਂ ਹੋਈ ਹੈ, ਜੋ ਹਰਿਆਣਾ ਦੇ ਝੱਜਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਪੁਲਿਸ ਨੇ ਦੱਸਿਆ ਕਿ ਆਰੋਪੀ ਗੁਰੂਗ੍ਰਾਮ ਦੇ ਉਦਯੋਗ ਵਿਹਾਰ ਇਲਾਕੇ ਵਿੱਚ ਹੋਏ ਇੱਕ ਅਗਵਾ ਦੇ ਮਾਮਲੇ ਵਿੱਚ ਕਾਫ਼ੀ ਸਮੇਂ ਤੋਂ ਫ਼ਰਾਰ ਚੱਲ ਰਿਹਾ ਸੀ। ਉਸ ਦੀ ਗ੍ਰਿਫ਼ਤਾਰੀ ‘ਤੇ ਪੁਲਿਸ ਵੱਲੋਂ 5 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ।
ਮਹਿਜ਼ 23 ਸਾਲ ਦੀ ਉਮਰ ‘ਚ 17 ਤੋਂ ਵੱਧ ਸੰਗੀਨ ਜੁਰਮ
ਪੁਲਿਸ ਰਿਕਾਰਡ ਮੁਤਾਬਕ ਨਿਤਿਨ ਮਹਿਜ਼ 23 ਸਾਲ ਦੀ ਉਮਰ ਵਿੱਚ ਹੀ ਜੁਰਮ ਦੀ ਦੁਨੀਆ ਵਿੱਚ ਕਾਫ਼ੀ ਸਰਗਰਮ ਹੋ ਚੁੱਕਾ ਸੀ। ਉਸ ਦੇ ਖ਼ਿਲਾਫ਼ ਹੱਤਿਆ, ਹੱਤਿਆ ਦੀ ਕੋਸ਼ਿਸ਼, ਲੁੱਟ-ਖੋਹ, ਡਕੈਤੀ, ਅਗਵਾ ਅਤੇ ਆਰਮਜ਼ ਐਕਟ ਵਰਗੀਆਂ ਧਾਰਾਵਾਂ ਤਹਿਤ 17 ਤੋਂ ਵੱਧ ਸੰਗੀਨ ਮੁਕੱਦਮੇ ਪਹਿਲਾਂ ਹੀ ਦਰਜ ਹਨ।



