ਅੰਮ੍ਰਿਤਸਰ: ਫ਼ਤਿਹਗੜ੍ਹ ਚੂੜੀਆਂ ਰੋਡ ‘ਤੇ ਸਥਿਤ ਡੀਡੀਆਈ (DDI) ਸਕੂਲ ਦੀ 12ਵੀਂ ਜਮਾਤ ਦੀ 17 ਸਾਲਾ ਵਿਦਿਆਰਥਣ ਅਮਜੋਤ ਕੌਰ ਦੀ ਦੁਖਦਾਈ ਮੌਤ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਮਾਮਲਾ ਉਸ ਵੇਲੇ ਹੋਰ ਗੰਭੀਰ ਰੂਪ ਧਾਰ ਗਿਆ ਜਦੋਂ ਮ੍ਰਿਤਕ ਵਿਦਿਆਰਥਣ ਵੱਲੋਂ ਕਦਮ ਚੁੱਕਣ ਤੋਂ ਪਹਿਲਾਂ ਰਿਕਾਰਡ ਕੀਤੀ ਇੱਕ ਵੀਡੀਓ ਸਾਹਮਣੇ ਆਈ। ਪਰਿਵਾਰ ਦਾ ਦੋਸ਼ ਹੈ ਕਿ ਸਕੂਲ ਪ੍ਰਬੰਧਨ ਅਤੇ ਜਮਾਤ ਇੰਚਾਰਜ ਵੱਲੋਂ ਲਗਾਤਾਰ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤੇ ਜਾਣ ਕਾਰਨ ਅਮਜੋਤ ਨੇ ਨਿਰਾਸ਼ਾ ਵਿੱਚ ਆ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ, ਜਿਸ ਤੋਂ ਬਾਅਦ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਲਿਆ ਨੋਟਿਸ
ਇਸ ਦਰਦਨਾਕ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ਰਾਹੀਂ ਤੁਰੰਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਾਅਦਾ ਕੀਤਾ ਕਿ ਮ੍ਰਿਤਕ ਵਿਦਿਆਰਥਣ ਨੂੰ ਹਰ ਹਾਲ ਵਿੱਚ ਇਨਸਾਫ਼ ਦਿਵਾਇਆ ਜਾਵੇਗਾ। ਸਿੱਖਿਆ ਮੰਤਰੀ ਨੇ ਪੁਲਿਸ ਪ੍ਰਸ਼ਾਸਨ ਨੂੰ ਮਾਮਲੇ ਦੀ ਨਿਰਪੱਖ ਅਤੇ ਤੇਜ਼ੀ ਨਾਲ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਪਿਤਾ ਦੇ ਬਿਆਨਾਂ ‘ਤੇ ਮਾਮਲਾ ਦਰਜ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ (ACP) ਗਗਨਦੀਪ ਸਿੰਘ ਨੇ ਦੱਸਿਆ ਕਿ ਫੋਰਟਿਸ ਹਸਪਤਾਲ ਤੋਂ ਮਿਲੀ ਸੂਚਨਾ ਤੋਂ ਬਾਅਦ ਪੁਲਿਸ ਨੇ ਕਾਰਵਾਈ ਅਮਲ ਵਿੱਚ ਲਿਆਂਦੀ। ਲੜਕੀ ਦੇ ਪਿਤਾ ਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਸਕੂਲ ਦੇ ਪ੍ਰਿੰਸੀਪਲ ਅਤੇ ਇੱਕ ਸਟਾਫ਼ ਮੈਂਬਰ ਖ਼ਿਲਾਫ਼ ਮੁਕੱਦਮਾ ਨੰਬਰ 115 ਅਧੀਨ ਧਾਰਾ 108 (BNS) ਤਹਿਤ ਐਫਆਈਆਰ (FIR) ਦਰਜ ਕਰ ਲਈ ਗਈ ਹੈ। ਸ਼ਿਕਾਇਤ ਵਿੱਚ ਦੋਸ਼ ਹੈ ਕਿ ਸਕੂਲ ਵੱਲੋਂ ਲੜਕੀ ਦੇ ਜ਼ਰੂਰੀ ਦਸਤਾਵੇਜ਼ (Documents) ਨਹੀਂ ਦਿੱਤੇ ਜਾ ਰਹੇ ਸਨ ਅਤੇ ਉਸ ‘ਤੇ ਲਗਾਤਾਰ ਗ਼ੈਰ-ਵਾਜਬ ਦਬਾਅ ਪਾਇਆ ਜਾ ਰਿਹਾ ਸੀ। ਪੁਲਿਸ ਮੁਤਾਬਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਸਕੂਲ ਪ੍ਰਬੰਧਨ ਨੇ ਦੋਸ਼ਾਂ ਨੂੰ ਨਕਾਰਿਆ
ਦੂਜੇ ਪਾਸੇ, ਸਕੂਲ ਦੀ ਇੱਕ ਮਹਿਲਾ ਅਧਿਆਪਕਾ ਨੇ ਮੀਡੀਆ ਸਾਹਮਣੇ ਆ ਕੇ ਆਪਣੇ ਅਤੇ ਸਕੂਲ ਸਟਾਫ਼ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਅਮਜੋਤ ਕੌਰ ਪਿਛਲੇ ਕਈ ਮਹੀਨਿਆਂ ਤੋਂ ਸਕੂਲ ਨਹੀਂ ਆ ਰਹੀ ਸੀ ਅਤੇ ਸਕੂਲ ਵੱਲੋਂ ਸਿਰਫ਼ ਰੁਟੀਨ ਦੇ ਤਹਿਤ ਹੀ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਸੀ। ਟੀਚਰ ਨੇ ਕਿਹਾ ਕਿ ਸਕੂਲ ਨੇ ਕਦੇ ਵੀ ਫੀਸਾਂ ਜਾਂ ਕਿਸੇ ਹੋਰ ਵਜ੍ਹਾ ਕਰਕੇ ਬੱਚੀ ‘ਤੇ ਕੋਈ ਮਾਨਸਿਕ ਦਬਾਅ ਨਹੀਂ ਬਣਾਇਆ। ਉਨ੍ਹਾਂ ਕਿਹਾ ਕਿ ਸਕੂਲ ਕੋਲ ਸਾਰਾ ਰਿਕਾਰਡ ਸੁਰੱਖਿਅਤ ਹੈ ਅਤੇ ਉਹ ਪੁਲਿਸ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਲਈ ਤਿਆਰ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



