ਅਰਧ ਨੰਗਨ ਲਾਸ਼, ਖੂਨ ਹੀ ਖੂਨ, ਸਲਵਾਰ ਨਾਲ ਗਲਾ ਘੁੱਟ ਪਤਨੀ ਦੀ ਹੱਤਿਆ; ਵਾਰਦਾਤ ਲਈ ਕਿਰਾਏ ‘ਤੇ ਲਿਆ ਕਮਰਾ

ਜਲੰਧਰ-ਇੱਥੋਂ ਦੇ ਡੀਏਵੀ ਕਾਲਜ ਨਜ਼ਦੀਕ ਸ਼ੀਤਲ ਨਗਰ ਦੀ ਮੰਦਰ ਵਾਲੀ ਗਲੀ ਵਿਚ ਸ਼ਨੀਵਾਰ ਰਾਤ ਇਕ ਮਹਿਲਾ ਦੀ ਗਲੀ-ਸੜੀ ਲਾਸ਼ ਅਰਧ ਨੰਗਨ ਹਾਲਤ ਵਿਚ ਬਰਾਮਦ ਹੋਈ।…

ਜਲੰਧਰ-ਇੱਥੋਂ ਦੇ ਡੀਏਵੀ ਕਾਲਜ ਨਜ਼ਦੀਕ ਸ਼ੀਤਲ ਨਗਰ ਦੀ ਮੰਦਰ ਵਾਲੀ ਗਲੀ ਵਿਚ ਸ਼ਨੀਵਾਰ ਰਾਤ ਇਕ ਮਹਿਲਾ ਦੀ ਗਲੀ-ਸੜੀ ਲਾਸ਼ ਅਰਧ ਨੰਗਨ ਹਾਲਤ ਵਿਚ ਬਰਾਮਦ ਹੋਈ। ਉਕਤ ਮਹਿਲਾ ਇਥੇ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ। 14 ਦਿਨ ਪਹਿਲਾਂ ਹੀ ਔਰਤ ਆਪਣੇ ਪਤੀ ਅਤੇ 6 ਸਾਲਾ ਬੱਚੇ ਨਾਲ ਕਿਰਾਏ ’ਤੇ ਰਹਿਣ ਲਈ ਆਈ ਸੀ। 
ਮੌਕੇ ’ਤੇ ਪੁਲਸ ਪਹੁੰਚੀ ਤਾਂ ਕਮਰੇ ਦਾ ਤਾਲਾ ਤੋੜ ਕੇ ਅੰਦਰ ਵੇਖਿਆ ਕਿ ਔਰਤ ਦੀ ਲਾਸ਼ ਚਾਦਰ ਨਾਲ ਢਕੀ ਹੋਈ ਸੀ। ਲਾਸ਼ ਦੇ ਆਲੇ-ਦੁਆਲੇ ਖ਼ੂਨ ਵੀ ਖਿੱਲਰਿਆ ਸੀ, ਜਦਕਿ ਔਰਤ ਦੀ ਸਲਵਾਰ ਉਤਾਰ ਕੇ ਉਸ ਦੇ ਗਲੇ ਵਿਚ ਕੱਸ ਕੇ ਬੰਨ੍ਹਿਆ ਹੋਇਆ ਸੀ। 
ਮਕਾਨ ਦੀ ਕੇਅਰਟੇਕਰ ਕਿਰਨ ਬਾਲਾ ਨੇ ਦੱਸਿਆ ਕਿ 16 ਮਾਰਚ ਨੂੰ ਇਕ ਜੋੜਾ ਆਪਣੇ 6 ਸਾਲ ਦੇ ਬੱਚੇ ਨਾਲ ਉਨ੍ਹਾਂ ਕੋਲ ਆਇਆ ਅਤੇ ਕਿਰਾਏ ’ਤੇ ਕਮਰਾ ਮੰਗਣ ਲੱਗਾ। ਕਿਰਨ ਬਾਲਾ ਨੇ ਉਨ੍ਹਾਂ ਤੋਂ ਆਈ. ਡੀ. ਪਰੂਫ਼ ਮੰਗਿਆ ਤਾਂ ਵਿਅਕਤੀ ਨੇ ਕਿਹਾ ਕਿ ਉਹ ਬੱਚੇ ਦੇ ਇਲਾਜ ਲਈ ਆਇਆ ਹੈ ਅਤੇ ਤੁਰੰਤ ਕਮਰਾ ਚਾਹੀਦਾ ਹੈ। ਉਸ ਨੇ ਜਲਦ ਆਈਡੀ ਪਰੂਫ਼ ਵੀ ਦੇਣ ਦਾ ਭਰੋਸਾ ਦਿੱਤਾ। ਕਿਰਨ ਬਾਲਾ ਨੇ ਕਮਰਾ ਖੁੱਲ੍ਹਵਾ ਦਿੱਤਾ। ਉਸ ਮਕਾਨ ਦੇ ਬਾਹਰ ਇਕ ਡਿਪੂ ਹੈ, ਜਦਕਿ ਉਪਰਲੀ ਮੰਜ਼ਿਲ ’ਤੇ ਆਟੋ ਚਾਲਕ ਆਪਣੇ ਪਰਿਵਾਰ ਨਾਲ ਰਹਿੰਦਾ ਸੀ।
ਕਿਰਨ ਬਾਲਾ ਨੇ ਜੋੜੇ ਨੂੰ ਹੇਠਲਾ ਕਮਰਾ ਦੇ ਦਿੱਤਾ। ਹੋਲੀ ਕਾਰਨ ਆਟੋ ਚਾਲਕ ਆਪਣੇ ਪਰਿਵਾਰ ਨਾਲ ਪਿੰਡ ਚਲਾ ਗਿਆ ਸੀ। ਸ਼ੁੱਕਰਵਾਰ ਨੂੰ ਜਦੋਂ ਉਹ ਆਏ ਤਾਂ ਘਰ ਵਿਚੋਂ ਅਜੀਬ ਜਿਹੀ ਬਦਬੂ ਆਈ। ਉਨ੍ਹਾਂ ਸੋਚਿਆ ਕਿ ਕਮਰਾ ਇਕ ਹਫ਼ਤੇ ਬਾਅਦ ਖੁੱਲ੍ਹਿਆ ਹੈ, ਜਿਸ ਕਾਰਨ ਬਦਬੂ ਆਉਂਦੀ ਹੋਵੇਗੀ ਪਰ ਸ਼ਨਿਚਰਵਾਰ ਦੇਰ ਸ਼ਾਮ ਬਦਬੂ ਜ਼ਿਆਦਾ ਆਉਣ ’ਤੇ ਉਨ੍ਹਾਂ ਕਿਰਨ ਬਾਲਾ ਨੂੰ ਸੂਚਨਾ ਦਿੱਤੀ। ਇਸ ਦੀ ਸੂਚਨਾ ਤੁਰੰਤ ਥਾਣਾ ਨੰਬਰ 1 ਦੀ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਏ. ਐੱਸ. ਆਈ. ਸ਼ਾਮ ਲਾਲ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਗਏ। ਪੁਲਿਸ ਨੇ ਕਮਰੇ ਦਾ ਤਾਲਾ ਤੋੜ ਕੇ ਵੇਖਿਆ ਤਾਂ ਅੰਦਰ ਔਰਤ ਦੀ ਚਾਦਰ ਨਾਲ ਢਕੀ ਹੋਈ ਲਾਸ਼ ਪਈ ਸੀ। ਆਲੇ-ਦੁਆਲੇ ਖ਼ੂਨ ਵੀ ਸੀ, ਜਦਕਿ ਔਰਤ ਦੇ ਕੱਪੜੇ ਵੀ ਖ਼ੂਨ ਵਿਚ ਲਥਪਥ ਸਨ।
ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਔਰਤ ਦਾ ਪਤੀ ਹੀ ਉਸ ਦਾ ਕਤਲ ਕਰ ਕੇ ਲਾਸ਼ ਨੂੰ ਚਾਦਰ ਨਾਲ ਢੱਕ ਕੇ ਆਪਣਾ ਸਾਮਾਨ, ਔਰਤ ਦਾ ਪਰਸ ਆਦਿ ਲੈ ਕੇ ਬੱਚੇ ਸਮੇਤ ਫ਼ਰਾਰ ਹੋ ਗਿਆ। ਮੁਲਜ਼ਮ ਪਤੀ ਨੇ ਹੀ ਕਮਰੇ ਨੂੰ ਬਾਹਰੋਂ ਤਾਲਾ ਲਾਇਆ ਸੀ। ਔਰਤ ਦੀ ਪਛਾਣ ਨਾ ਹੋਵੇ, ਇਸ ਲਈ ਮੁਲਜ਼ਮ ਪਤੀ ਉਸ ਦੇ ਦਸਤਾਵੇਜ਼ ਵੀ ਨਾਲ ਲੈ ਗਿਆ। ਔਰਤ ਨੇ ਉਪਰ ਵਾਲੇ ਕੱਪੜੇ ਤਾਂ ਪਹਿਨੇ ਹੋਏ ਸਨ ਪਰ ਹੇਠੋਂ ਉਹ ਨੰਗਨ ਹਾਲਤ ਵਿਚ ਸੀ। ਔਰਤ ਦੇ ਗਲੇ ’ਤੇ ਬੰਨ੍ਹੀ ਉਸ ਦੀ ਸਲਵਾਰ ਤੋਂ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਮੁਲਜ਼ਮ ਪਤੀ ਨੇ ਪਹਿਲਾਂ ਕਿਸੇ ਹਥਿਆਰ ਨਾਲ ਔਰਤ ’ਤੇ ਵਾਰ ਕੀਤੇ ਅਤੇ ਮੌਤ ਨਾ ਹੋਣ ’ਤੇ ਉਸ ਦੀ ਸਲਵਾਰ ਲਾਹ ਕੇ ਉਸ ਨਾਲ ਔਰਤ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਫਿਲਹਾਲ ਔਰਤ ਦੀ ਪਛਾਣ ਨਹੀਂ ਹੋ ਸਕੀ। ਮ੍ਰਿਤਕਾ ਦੀ ਉਮਰ 30 ਤੋਂ 35 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਦੇਰ ਰਾਤ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਏ. ਐੱਸ. ਆਈ. ਸ਼ਾਮ ਲਾਲ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਪੁਲਿਸ ਨੂੰ ਲਾਸ਼ ਕੋਲੋਂ ਸ਼ਰਾਬ ਤੇ ਕੋਲਡ ਡਰਿੰਗ ਦੀਆਂ ਬੋਤਲਾਂ ਮਿਲੀਆਂ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਸ਼ਰਾਬ ਪੀ ਕੇ ਵਾਰਦਾਤ ਨੂੰ ਅੰਜਾਮ ਦਿੱਤਾ।

Leave a Reply

Your email address will not be published. Required fields are marked *