ਗੁਰਦਾਸਪੁਰ : ਸਥਾਨਕ ਗੀਤਾ ਭਵਨ ਰੋਡ ‘ਤੇ ਸਥਿਤ ‘ਰਮਨ ਫਲਾਈਵੁੱਡ ਅਤੇ ਹਾਰਡਵੇਅਰ’ ਦੀ ਦੁਕਾਨ ਵਿੱਚ ਅੱਧੀ ਰਾਤ ਨੂੰ ਲੱਗੀ ਭਿਆਨਕ ਅੱਗ ਕਾਰਨ ਹੋਏ ਲੱਖਾਂ ਦੇ ਨੁਕਸਾਨ ਦੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਹੁੰਚੇ। ਪੰਜਾਬ ਵਿਧਾਨ ਸਭਾ ਦੇ ਸਾਬਕਾ ਸੰਸਦੀ ਸਕੱਤਰ ਅਤੇ ਗੁਰਦਾਸਪੁਰ ਦੇ ਸਾਬਕਾ ਵਿਧਾਇਕ ਜੱਥੇਦਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਅੱਜ ਵਿਸ਼ੇਸ਼ ਤੌਰ ‘ਤੇ ਪ੍ਰਭਾਵਿਤ ਦੁਕਾਨ ਦਾ ਦੌਰਾ ਕੀਤਾ। ਇਸ ਮੰਦਭਾਗੀ ਘਟਨਾ ‘ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੇ ਪੀੜਤ ਦੁਕਾਨਦਾਰ ਨੂੰ ਹੌਸਲਾ ਦਿੱਤਾ ਅਤੇ ਆਪਣੀ ਤਰਫ਼ੋਂ 1 ਲੱਖ ਰੁਪਏ ਦੀ ਨਕਦ ਮਾਲੀ ਸਹਾਇਤਾ ਰਾਸ਼ੀ ਭੇਟ ਕੀਤੀ।
ਸ਼ਾਰਟ ਸਰਕਟ ਕਾਰਨ ਸੜ ਕੇ ਸੁਆਹ ਹੋਇਆ 30 ਲੱਖ ਦਾ ਸਾਮਾਨ
ਦੱਸਣਯੋਗ ਹੈ ਕਿ ਬੀਤੀ ਅੱਧੀ ਰਾਤ ਨੂੰ ਵਾਪਰੇ ਇਸ ਹਾਦਸੇ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਦੁਕਾਨ ਅੰਦਰ ਪਿਆ ਕੀਮਤੀ ਫਲਾਈਵੁੱਡ ਅਤੇ ਹਾਰਡਵੇਅਰ ਦਾ ਸਾਮਾਨ ਸੜ ਕੇ ਕੋਲਾ ਹੋ ਗਿਆ। ਸ਼ੁਰੂਆਤੀ ਅੰਦਾਜ਼ੇ ਮੁਤਾਬਕ ਪੀੜਤ ਦੁਕਾਨਦਾਰ ਦਾ ਇਸ ਅਗਨਕਾਂਡ ਵਿੱਚ 30 ਲੱਖ ਰੁਪਏ ਤੋਂ ਵੱਧ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ, ਜਿਸ ਕਾਰਨ ਪਰਿਵਾਰ ‘ਤੇ ਵੱਡਾ ਸੰਕਟ ਆ ਗਿਆ ਹੈ।
ਅਕਾਲੀ ਦਲ ਦੀ ਸਰਕਾਰ ਆਉਣ ‘ਤੇ 5 ਲੱਖ ਹੋਰ ਦਿਵਾਉਣ ਦਾ ਵਾਅਦਾ
ਦੁਕਾਨਦਾਰ ਦੀ ਮਦਦ ਲਈ ਅੱਗੇ ਆਏ ਗੁਰਬਚਨ ਸਿੰਘ ਬੱਬੇਹਾਲੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਮੁਸ਼ਕਿਲ ਘੜੀ ਵਿੱਚ ਵਪਾਰੀ ਵਰਗ ਦੇ ਨਾਲ ਖੜ੍ਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ, ਤਾਂ ਉਹ ਵਿਸ਼ੇਸ਼ ਤੌਰ ‘ਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਇਸ ਪੀੜਤ ਦੁਕਾਨਦਾਰ ਨੂੰ 5 ਲੱਖ ਰੁਪਏ ਦੀ ਹੋਰ ਰਾਹਤ ਰਾਸ਼ੀ ਦਿਵਾਉਣਗੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



