ਗੁਰਦਾਸਪੁਰ : ਕਸਬਾ ਕਾਹਨੂੰਵਾਨ ਦੇ ਮੁਹੱਲਾ ਨਵਾਂ ਪਿੰਡ ਵਿੱਚ ਬੀਤੀ 23 ਮਈ ਨੂੰ ਦਿਨ-ਦਿਹਾੜੇ ਕਤਲ ਕੀਤੇ ਗਏ ਕਿਸਾਨ ਆਗੂ ਕੁਲਵਿੰਦਰ ਸਿੰਘ ਬਿੱਟੂ ਦੀ ਮ੍ਰਿਤਕ ਦੇਹ ਦਾ ਅੱਜ 6 ਦਿਨਾਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਦੇ ਦਿੱਤੇ ਗਏ ਪੁਖਤਾ ਭਰੋਸੇ, ਕਿਸਾਨ ਆਗੂਆਂ ਅਤੇ ਪਰਿਵਾਰਕ ਮੈਂਬਰਾਂ ਦੀ ਆਪਸੀ ਸਹਿਮਤੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਕਾਹਨੂੰਵਾਨ ਦੇ ਸ਼ਮਸ਼ਾਨਘਾਟ ਵਿਖੇ ਹੋਏ ਸੰਸਕਾਰ ਦੌਰਾਨ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ, ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਇਨਸਾਫ਼ ਲਈ ਲੱਗਿਆ ਸੀ ਸਠਿਆਲੀ ਪੁਲ ‘ਤੇ ਧਰਨਾ
ਦੱਸਣਯੋਗ ਹੈ ਕਿ ਇਸ ਬੇਰਹਿਮੀ ਨਾਲ ਕੀਤੇ ਗਏ ਕਤਲ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਸੀ। ਪੀੜਤ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਸਠਿਆਲੀ ਪੁਲ ਉੱਪਰ ਮ੍ਰਿਤਕ ਦੀ ਲਾਸ਼ ਰੱਖ ਕੇ ਲੰਮਾ ਸਮਾਂ ਰੋਸ ਧਰਨਾ ਦਿੱਤਾ ਸੀ। ਪਰਿਵਾਰ ਦਾ ਕਹਿਣਾ ਸੀ ਕਿ ਜਦੋਂ ਤੱਕ ਸਾਰੇ ਨਾਮਜ਼ਦ ਮੁਲਜ਼ਮ ਸਲਾਖਾਂ ਪਿੱਛੇ ਨਹੀਂ ਜਾਂਦੇ, ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ, ਜਿਸ ਕਾਰਨ ਲਾਸ਼ ਨੂੰ ਕਈ ਦਿਨਾਂ ਤੱਕ ਘਰ ਵਿੱਚ ਹੀ ਰੱਖਿਆ ਗਿਆ ਸੀ।
ਇੱਕ ਨਾਮਵਰ ਰਾਜਨੀਤਿਕ ਹਸਤੀ ਸਣੇ 10 ਖ਼ਿਲਾਫ਼ ਮਾਮਲਾ ਦਰਜ
ਇਸ ਹੱਤਿਆਕਾਂਡ ਦੇ ਤਾਰ ਇੱਕ ਮਸ਼ਹੂਰ ਰਾਜਨੀਤਿਕ ਹਸਤੀ ਨਾਲ ਵੀ ਜੁੜਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ‘ਤੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਜਨਤਾ ਦੇ ਭਾਰੀ ਦਬਾਅ ਨੂੰ ਦੇਖਦਿਆਂ ਪੁਲਿਸ ਨੇ 23 ਮਈ ਦੀ ਦੇਰ ਰਾਤ ਨੂੰ ਹੀ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ, ਜਦਕਿ ਤਫਤੀਸ਼ ਦੌਰਾਨ ਬਾਅਦ ਵਿੱਚ 2 ਹੋਰ ਔਰਤਾਂ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵੱਲੋਂ ਹੁਣ ਤੱਕ ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ।
ਪਰਿਵਾਰ ਦੀ ਚੇਤਾਵਨੀ
ਗੱਲਬਾਤ ਕਰਦਿਆਂ ਪਰਿਵਾਰ ਦੇ ਨਜ਼ਦੀਕੀਆਂ ਅਤੇ ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਿਰਫ਼ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵਿਸ਼ਵਾਸ ਦਿਵਾਉਣ ‘ਤੇ ਹੀ ਸੰਸਕਾਰ ਕਰਨ ਦੀ ਹਾਮੀ ਭਰੀ ਹੈ। ਪਰਿਵਾਰਕ ਮੈਂਬਰਾਂ ਨੇ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਬਾਕੀ ਰਹਿੰਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵਿੱਚ ਕੋਈ ਵੀ ਢਿੱਲ-ਮੱਠ ਜਾਂ ਸਿਆਸੀ ਦਬਾਅ ਦਿਖਾਇਆ, ਤਾਂ ਇਨਸਾਫ਼ ਦੀ ਲੜਾਈ ਲਈ ਦੁਬਾਰਾ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਅਤੇ ਮੁੜ ਧਰਨਾ ਲਗਾਇਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Punjab Elections 2026: ‘ਆਪ’ ਦੀ ਵੱਡੀ ਲੀਡ, ਅਕਾਲੀ ਦਲ ਦੂਜੇ ਨੰਬਰ ‘ਤੇ; ਕਾਂਗਰਸ ਅਤੇ ਭਾਜਪਾ ਪਛੜੀਆਂ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



