Punjab Municipal Corporation Election Results: 8 ਨਗਰ ਨਿਗਮਾਂ ਸਮੇਤ 104 ਨਿਕਾਇਆਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ

ਚੰਡੀਗੜ੍ਹ: ਪੰਜਾਬ ਵਿੱਚ ਬੀਤੇ ਮੰਗਲਵਾਰ (26 ਮਈ) ਨੂੰ ਹੋਈਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਨਤੀਜਿਆਂ ਲਈ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ…

ਚੰਡੀਗੜ੍ਹ: ਪੰਜਾਬ ਵਿੱਚ ਬੀਤੇ ਮੰਗਲਵਾਰ (26 ਮਈ) ਨੂੰ ਹੋਈਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੇ ਨਤੀਜਿਆਂ ਲਈ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸੂਬੇ ਦੇ 8 ਪ੍ਰਮੁੱਖ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਸਮੇਤ ਕੁੱਲ 104 ਸਥਾਨਕ ਨਿਕਾਇਆਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਤੋਂ ਸਖ਼ਤ ਸੁਰੱਖਿਆ ਹੇਠ ਸ਼ੁਰੂ ਹੋਣ ਜਾ ਰਹੀ ਹੈ। ਇਨ੍ਹਾਂ ਚੋਣਾਂ ਨੂੰ ਸਾਲ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੀ ਸਾਖ ਦਾਅ ‘ਤੇ ਲੱਗੀ ਹੋਈ ਹੈ।

ਇਨ੍ਹਾਂ 8 ਵੱਡੇ ਸ਼ਹਿਰਾਂ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਇਸ ਵਾਰ ਚੋਣ ਮੈਦਾਨ ਵਿੱਚ ਉਤਰੇ ਕੁੱਲ 7,555 ਉਮੀਦਵਾਰਾਂ ਵਿੱਚੋਂ ਸਭ ਤੋਂ ਵੱਡਾ ਮੁਕਾਬਲਾ 8 ਪ੍ਰਮੁੱਖ ਨਗਰ ਨਿਗਮਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਿੱਚ ਮੋਹਾਲੀ, ਬਠਿੰਡਾ, ਅਬੋਹਰ, ਬਰਨਾਲਾ, ਕਪੂਰਥਲਾ, ਮੋਗਾ, ਬਟਾਲਾ ਅਤੇ ਪਠਾਨਕੋਟ ਸ਼ਾਮਲ ਹਨ। ਸੂਬੇ ਭਰ ਦੇ ਕੁੱਲ 1,896 ਵਾਰਡਾਂ ਵਿੱਚ ਆਪਣੀ ਸਰਕਾਰ ਚੁਣਨ ਲਈ ਵੋਟਰਾਂ ਨੇ ਉਤਸ਼ਾਹ ਦਿਖਾਇਆ ਸੀ ਅਤੇ ਅੱਜ ਦੁਪਹਿਰ ਤੱਕ ਸਾਰੀਆਂ ਸੀਟਾਂ ਦੀ ਤਸਵੀਰ ਸਾਫ਼ ਹੋਣ ਦੀ ਉਮੀਦ ਹੈ।

ਪਾਰਟੀਆਂ ਦੀ ਸਿਆਸੀ ਜੰਗ

ਸੱਤਾਧਾਰੀ ਆਮ ਆਦਮੀ ਪਾਰਟੀ (AAP) ਇਸ ਚੋਣ ਦੰਗਲ ਵਿੱਚ ਸਭ ਤੋਂ ਅੱਗੇ ਰਹੀ, ਜਿਸ ਨੇ ਸਭ ਤੋਂ ਵੱਧ 1,801 ਉਮੀਦਵਾਰ ਮੈਦਾਨ ਵਿੱਚ ਉਤਾਰੇ। ਇਸ ਤੋਂ ਬਾਅਦ ਕਾਂਗਰਸ ਨੇ 1,550, ਭਾਰਤੀ ਜਨਤਾ ਪਾਰਟੀ (BJP) ਨੇ 1,316, ਸ਼ਿਰੋਮਣੀ ਅਕਾਲੀ ਦਲ (SAD) ਨੇ 1,251 ਅਤੇ ਬਹੁਜਨ ਸਮਾਜ ਪਾਰਟੀ (BSP) ਨੇ 96 ਉਮੀਦਵਾਰਾਂ ਨੂੰ ਟਿਕਟ ਦਿੱਤੀ। ਇਸ ਤੋਂ ਇਲਾਵਾ, 1,528 ਆਜ਼ਾਦ (ਇੰਡੀਪੈਂਡੈਂਟ) ਉਮੀਦਵਾਰਾਂ ਨੇ ਵੀ ਚੋਣਾਂ ਨੂੰ ਬੇਹੱਦ ਦਿਲਚਸਪ ਬਣਾ ਦਿੱਤਾ ਹੈ।

64 ਫੀਸਦੀ ਰਹੀ ਵੋਟਿੰਗ

ਅਧਿਕਾਰੀਆਂ ਮੁਤਾਬਕ, ਇਸ ਵਾਰ ਸ਼ਹਿਰੀ ਸਥਾਨਕ ਚੋਣਾਂ ਵਿੱਚ ਕਰੀਬ 64 ਫੀਸਦੀ ਮਤਦਾਨ ਦਰਜ ਕੀਤਾ ਗਿਆ। ਹਾਲਾਂਕਿ, ਵੋਟਿੰਗ ਦੌਰਾਨ ਕਈ ਥਾਵਾਂ ਤੋਂ ਪੱਥਰਬਾਜ਼ੀ, ਸਿਆਸੀ ਵਰਕਰਾਂ ‘ਤੇ ਹਮਲੇ, ਝੜਪਾਂ ਅਤੇ ਬੂਥ ਕੈਪਚਰਿੰਗ (ਬੂਥਾਂ ‘ਤੇ ਕਬਜ਼ੇ) ਵਰਗੇ ਗੰਭੀਰ ਦੋਸ਼ ਵੀ ਸਾਹਮਣੇ ਆਏ, ਜਿਸ ਕਾਰਨ ਮਾਹੌਲ ਤਣਾਅਪੂਰਨ ਰਿਹਾ। ਇਸ ਵਾਰ ਕੁੱਲ 35,45,567 ਰਜਿਸਟਰਡ ਵੋਟਰਾਂ ਨੇ ਵੋਟ ਪਾਉਣੀ ਸੀ, ਜਿਸ ਵਿੱਚ 17 ਲੱਖ ਤੋਂ ਵੱਧ ਮਹਿਲਾਵਾਂ ਅਤੇ 220 ਥਰਡ-ਜੈਂਡਰ ਵੋਟਰ ਸ਼ਾਮਲ ਸਨ। ਚੋਣਾਂ ਨੂੰ ਸੁਰੱਖਿਅਤ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਨੇ 35,000 ਚੋਣ ਸਟਾਫ਼ ਅਤੇ 32,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਸਨ। ਸੂਬੇ ਭਰ ਵਿੱਚ 740 ਬੂਥਾਂ ਨੂੰ ਸੰਵੇਦਨਸ਼ੀਲ ਅਤੇ 275 ਨੂੰ ਅਤਿ-ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਵੋਟਿੰਗ ਤੋਂ ਠੀਕ ਇੱਕ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਸੀ, ਜਿਸ ਤੋਂ ਬਾਅਦ ਰਾਜ ਚੋਣ ਕਮਿਸ਼ਨ ਨੇ ਤੈਅ ਪ੍ਰਕਿਰਿਆ ਤਹਿਤ ਵੋਟਿੰਗ ਕਰਵਾਈ ਅਤੇ ਅੱਜ ਇਨ੍ਹਾਂ ਬੈਲਟ ਬਾਕਸਾਂ ਵਿੱਚੋਂ ਜੇਤੂਆਂ ਦੇ ਨਾਂ ਸਾਹਮਣੇ ਆਉਣਗੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Punjab Municipal Corporation Election Results : 104 ਸਥਾਨਕ ਨਿਕਾਇਆਂ ਦੀ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *