ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ 12ਵੀਂ ਜਮਾਤ ਦੇ ਸਾਲਾਨਾ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਸਾਲ ਵੀ ਪੰਜਾਬ ਦੀਆਂ ਧੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁੰਡਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਪ੍ਰੀਖਿਆ ਵਿੱਚ ਬੈਠੇ ਲੱਖਾਂ ਵਿਦਿਆਰਥੀ ਹੁਣ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ। ਭਾਰੀ ਟ੍ਰੈਫਿਕ ਕਾਰਨ ਵੈੱਬਸਾਈਟ ‘ਤੇ ਕੁਝ ਤਕਨੀਕੀ ਦਿੱਕਤਾਂ ਆ ਰਹੀਆਂ ਹਨ, ਪਰ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
91.46% ਰਹੀ ਕੁੱਲ ਪਾਸ ਪ੍ਰਤੀਸ਼ਤਤਾ
ਇਸ ਸਾਲ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ 4 ਅਪ੍ਰੈਲ ਦੇ ਵਿਚਕਾਰ ਕਰਵਾਈਆਂ ਗਈਆਂ ਸਨ। ਬੋਰਡ ਅਨੁਸਾਰ ਇਸ ਵਾਰ ਕੁੱਲ 2,65,417 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ, ਜਿਨ੍ਹਾਂ ਵਿੱਚੋਂ 2,42,755 ਵਿਦਿਆਰਥੀ ਸਫ਼ਲ ਰਹੇ ਹਨ। ਸੂਬੇ ਦਾ ਕੁੱਲ ਨਤੀਜਾ 91.46% ਰਿਹਾ ਹੈ, ਜੋ ਕਿ ਪਿਛਲੇ ਸਾਲਾਂ ਵਾਂਗ ਸਿੱਖਿਆ ਦੇ ਚੰਗੇ ਪੱਧਰ ਨੂੰ ਦਰਸਾਉਂਦਾ ਹੈ।
ਕੁੜੀਆਂ ਨੇ ਫਿਰ ਗੱਡੇ ਸਫ਼ਲਤਾ ਦੇ ਝੰਡੇ
ਪੰਜਾਬ ਬੋਰਡ ਦੇ ਨਤੀਜਿਆਂ ਵਿੱਚ ਇੱਕ ਵਾਰ ਫਿਰ ਕੁੜੀਆਂ ਦਾ ਦਬਦਬਾ ਰਿਹਾ। ਜਿੱਥੇ ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 94.73% ਰਹੀ, ਉੱਥੇ ਹੀ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 88.52% ਦਰਜ ਕੀਤੀ ਗਈ। ਅੰਕੜਿਆਂ ਮੁਤਾਬਕ 1,25,695 ਕੁੜੀਆਂ ਵਿੱਚੋਂ 1,19,073 ਪਾਸ ਹੋਈਆਂ ਹਨ, ਜਦਕਿ 1,39,716 ਮੁੰਡਿਆਂ ਵਿੱਚੋਂ 1,23,676 ਨੇ ਪ੍ਰੀਖਿਆ ਪਾਸ ਕੀਤੀ ਹੈ।
ਮੈਰਿਟ ਸੂਚੀ: ਟਾਪ-3 ਸਥਾਨਾਂ ‘ਤੇ ਕੁੜੀਆਂ ਦਾ ਕਬਜ਼ਾ
ਸਾਲ 2026 ਦੀ ਮੈਰਿਟ ਸੂਚੀ ਵਿੱਚ ਸੂਬੇ ਦੇ ਪਹਿਲੇ ਤਿੰਨ ਸਥਾਨਾਂ ‘ਤੇ ਕੁੜੀਆਂ ਨੇ ਕਬਜ਼ਾ ਕਰਕੇ ਆਪਣੀ ਵਿਦਿਅਕ ਯੋਗਤਾ ਦਾ ਲੋਹਾ ਮਨਵਾਇਆ ਹੈ। ਮੈਰਿਟ ਸੂਚੀ ਦੇ ਜੇਤੂ ਹੇਠ ਲਿਖੇ ਅਨੁਸਾਰ ਹਨ:
ਪਹਿਲਾ ਸਥਾਨ: ਸੁਖਦੀਪ ਕੌਰ
ਦੂਜਾ ਸਥਾਨ: ਮੁਮਤਾਜ਼ ਬੇਗਮ
ਤੀਜਾ ਸਥਾਨ: ਦਿਵਾਂਸ਼ੀ
ਵੱਖ-ਵੱਖ ਸਟਰੀਮਾਂ ਦਾ ਪ੍ਰਦਰਸ਼ਨ
ਬੋਰਡ ਨੇ ਸਾਇੰਸ, ਕਾਮਰਸ ਅਤੇ ਆਰਟਸ (ਮਾਨਵਤਾ) ਸਮੇਤ ਸਾਰੇ ਗਰੁੱਪਾਂ ਦੇ ਨਤੀਜੇ ਇੱਕੋ ਸਮੇਂ ਜਾਰੀ ਕੀਤੇ ਹਨ। ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੇ ਪਾਸ ਹੋਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਹੈ। ਜਿਹੜੇ ਵਿਦਿਆਰਥੀ ਆਪਣੇ ਅੰਕਾਂ ਤੋਂ ਸੰਤੁਸ਼ਟ ਨਹੀਂ ਹਨ, ਉਹ ਜਲਦੀ ਹੀ ਬੋਰਡ ਵੱਲੋਂ ਜਾਰੀ ਕੀਤੇ ਜਾਣ ਵਾਲੇ ਰੀ-ਚੈਕਿੰਗ ਜਾਂ ਰੀ-ਇਵੈਲੂਏਸ਼ਨ ਦੇ ਫਾਰਮ ਭਰ ਸਕਣਗੇ।



