ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਮੁੜ ਗਰਮਾਹਟ ਦੇਖਣ ਨੂੰ ਮਿਲੀ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ‘ਤੇ ਦਸਤਕ ਦਿੱਤੀ। ਸ਼ਨੀਵਾਰ ਸਵੇਰੇ ਹੋਈ ਇਸ ਅਚਨਚੇਤ ਕਾਰਵਾਈ ਨੇ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਛੇੜ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੰਤਰੀ ਅਰੋੜਾ ‘ਤੇ ਕੇਂਦਰੀ ਏਜੰਸੀ ਵੱਲੋਂ ਕੀਤੀ ਗਈ ਇਹ ਤੀਜੀ ਵੱਡੀ ਕਾਰਵਾਈ ਹੈ।
ਸੈਕਟਰ-2 ਸਥਿਤ ਰਿਹਾਇਸ਼ ਦੀ ਘੇਰਾਬੰਦੀ
ਜਾਣਕਾਰੀ ਅਨੁਸਾਰ, ਅੱਜ ਤੜਕੇ ਈਡੀ ਦੀਆਂ ਕਰੀਬ 8 ਗੱਡੀਆਂ ਦਾ ਕਾਫ਼ਲਾ ਚੰਡੀਗੜ੍ਹ ਦੇ ਸੈਕਟਰ-2 ਸਥਿਤ ਮੰਤਰੀ ਸੰਜੀਵ ਅਰੋੜਾ ਦੀ ਸਰਕਾਰੀ ਕੋਠੀ ਦੇ ਬਾਹਰ ਪਹੁੰਚਿਆ। ਅਧਿਕਾਰੀਆਂ ਨੇ ਅੰਦਰ ਦਾਖ਼ਲ ਹੁੰਦੇ ਹੀ ਰਿਹਾਇਸ਼ ਦੀ ਘੇਰਾਬੰਦੀ ਕਰ ਲਈ ਅਤੇ ਜਾਂਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਵੀ 17 ਅਪ੍ਰੈਲ ਨੂੰ ਏਜੰਸੀ ਵੱਲੋਂ ਅਰੋੜਾ ਦੇ ਵੱਖ-ਵੱਖ ਟਿਕਾਣਿਆਂ ਅਤੇ ਵਪਾਰਕ ਸਥਾਨਾਂ ਦੀ ਤਲਾਸ਼ੀ ਲਈ ਗਈ ਸੀ।
ਇੱਕ ਮਹੀਨੇ ਵਿੱਚ ਦੂਜੀ ਵਾਰ ਪਹੁੰਚੀ ED
ਮੰਤਰੀ ਸੰਜੀਵ ਅਰੋੜਾ ਵਿਰੁੱਧ ਈਡੀ ਦੀ ਸਰਗਰਮੀ ਲਗਾਤਾਰ ਵਧਦੀ ਨਜ਼ਰ ਆ ਰਹੀ ਹੈ। ਇਹ ਇੱਕ ਸਾਲ ਦੇ ਅੰਦਰ ਉਨ੍ਹਾਂ ‘ਤੇ ਹੋਈ ਤੀਜੀ ਰੇਡ ਹੈ, ਜਦਕਿ ਪਿਛਲੇ ਇੱਕ ਮਹੀਨੇ ਵਿੱਚ ਇਹ ਦੂਜੀ ਵਾਰ ਹੈ ਕਿ ਏਜੰਸੀ ਉਨ੍ਹਾਂ ਦੇ ਬੂਹੇ ‘ਤੇ ਪਹੁੰਚੀ ਹੈ। ਹਾਲਾਂਕਿ, ਈਡੀ ਵੱਲੋਂ ਅਜੇ ਤੱਕ ਇਸ ਛਾਪੇਮਾਰੀ ਦੇ ਮੁੱਖ ਕਾਰਨਾਂ ਜਾਂ ਬਰਾਮਦਗੀ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਪੰਜਾਬ ਨਾ ਕਦੇ ਝੁਕਿਆ ਹੈ ਅਤੇ ਨਾ ਹੀ ਕਦੇ ਝੁਕੇਗਾ – ਮੁੱਖ ਮੰਤਰੀ
ਇਸ ਕਾਰਵਾਈ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਅਤੇ ਜਾਂਚ ਏਜੰਸੀਆਂ ਨੂੰ ਨਿਸ਼ਾਨੇ ‘ਤੇ ਲਿਆ। ਸੀਐਮ ਭਗਵੰਤ ਮਾਨ ਨੇ ਕਿਹਾ ਕਿ “ਮੰਤਰੀ ਅਰੋੜਾ ਦੇ ਘਰ ਇੱਕ ਸਾਲ ਵਿੱਚ ਤੀਜੀ ਵਾਰ ਅਤੇ ਮਹਿਜ਼ ਇੱਕ ਮਹੀਨੇ ਦੇ ਅੰਦਰ ਦੂਜੀ ਵਾਰ ਈਡੀ ਦਾ ਪਹੁੰਚਣਾ ਸਿਆਸੀ ਬਦਲਾਖੋਰੀ ਦੀ ਨਿਸ਼ਾਨੀ ਹੈ। ਅਜਿਹੀਆਂ ਕਾਰਵਾਈਆਂ ਅੱਗੇ ਪੰਜਾਬ ਨਾ ਕਦੇ ਝੁਕਿਆ ਹੈ ਅਤੇ ਨਾ ਹੀ ਕਦੇ ਝੁਕੇਗਾ।”
ਸਿਆਸੀ ਮਾਹੌਲ ਗਰਮਾਇਆ
ਆਮ ਆਦਮੀ ਪਾਰਟੀ ਨੇ ਇਸ ਛਾਪੇਮਾਰੀ ਨੂੰ ਲੋਕਤੰਤਰ ‘ਤੇ ਹਮਲਾ ਅਤੇ ਵਿਰੋਧੀ ਧਿਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਪਾਰਟੀ ਦੇ ਹੋਰ ਆਗੂਆਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣਾ ਰੋਸ ਪ੍ਰਗਟ ਕੀਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਈਡੀ ਦੀ ਇਸ ਲੰਬੀ ਚੱਲ ਰਹੀ ਜਾਂਚ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ।



