ਭਵਾਨੀਗੜ੍ਹ: ਇਲਾਕੇ ਵਿੱਚ ਬਿਜਲੀ ਦੇ ਲੱਗ ਰਹੇ ਲੰਮੇ ਅਤੇ ਅਣਐਲਾਨੇ ਕੱਟਾਂ ਨੇ ਆਮ ਲੋਕਾਂ ਅਤੇ ਕਿਸਾਨਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਬਿਜਲੀ ਸਪਲਾਈ ਦੀ ਮਾੜੀ ਹਾਲਤ ਤੋਂ ਪ੍ਰੇਸ਼ਾਨ ਹੋ ਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵਰਕਰਾਂ ਅਤੇ ਆਗੂਆਂ ਨੇ ਪਾਵਰਕਾਮ ਦੇ ਦਫ਼ਤਰ ਅੱਗੇ ਪਹੁੰਚ ਕੇ ਇੱਕ ਸੰਕੇਤਕ ਧਰਨਾ ਦਿੱਤਾ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਕਿਸਾਨੀ ਅਤੇ ਘਰੇਲੂ ਕੰਮਾਂ ‘ਤੇ ਬਿਜਲੀ ਕੱਟਾਂ ਦੀ ਮਾਰ
ਧਰਨੇ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਮੱਕੀ ਦੀ ਫਸਲ ਨੂੰ ਪਾਣੀ ਦੀ ਸਖ਼ਤ ਲੋੜ ਹੈ, ਪਰ ਬਿਜਲੀ ਦੇ ਕੱਟਾਂ ਕਾਰਨ ਕਿਸਾਨਾਂ ਨੂੰ ਆਪਣੀਆਂ ਫਸਲਾਂ ਸਿੰਜਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਵੀ ਬਿਜਲੀ ਪੂਰੀ ਤਰ੍ਹਾਂ ਨਿਰਭਰਤਾ ਹੈ। ਘਰਾਂ ਵਿੱਚ ਪਾਣੀ ਵਾਲੀਆਂ ਮੋਟਰਾਂ ਅਤੇ ਹੋਰ ਬਿਜਲੀ ਉਪਕਰਣਾਂ ਦੇ ਬੰਦ ਰਹਿਣ ਕਾਰਨ ਬਜ਼ੁਰਗਾਂ ਅਤੇ ਬੱਚਿਆਂ ਨੂੰ ਅਤਿ ਦੀ ਗਰਮੀ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
“ਸਬਰ ਦਾ ਬੰਨ੍ਹ ਟੁੱਟਿਆ ਤਾਂ ਹੋਵੇਗਾ ਵੱਡਾ ਐਕਸ਼ਨ”
ਕਿਸਾਨ ਜਥੇਬੰਦੀ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਅੱਜ ਭਾਵੇਂ ਉਹ ਕਿਸੇ ਉੱਚ ਅਧਿਕਾਰੀ ਦੇ ਭਰੋਸੇ ਉੱਤੇ ਉੱਠ ਕੇ ਜਾ ਰਹੇ ਹਨ, ਪਰ ਜੇਕਰ ਬਿਜਲੀ ਸਪਲਾਈ ਦੀ ਸਥਿਤੀ ਵਿੱਚ ਜਲਦ ਸੁਧਾਰ ਨਾ ਹੋਇਆ, ਤਾਂ ਜਥੇਬੰਦੀ ਕੋਈ ਵੱਡਾ ਅਤੇ ਸਖ਼ਤ ਐਕਸ਼ਨ ਲੈਣ ਲਈ ਮਜਬੂਰ ਹੋਵੇਗੀ, ਜਿਸ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਅਤੇ ਸਰਕਾਰ ਦੀ ਹੋਵੇਗੀ।
ਇਸ ਰੋਸ ਪ੍ਰਦਰਸ਼ਨ ਦੌਰਾਨ ਗੁਰਮੀਤ ਸਿੰਘ ਭੱਟੀਵਾਲ (ਸੂਬਾ ਸੀਨੀਅਰ ਮੀਤ ਪ੍ਰਧਾਨ, ਬੀਕੇਯੂ ਡਕੌਂਦਾ), ਕਰਮ ਸਿੰਘ ਬਲਿਆਲ (ਬਲਾਕ ਪ੍ਰਧਾਨ) ਅਤੇ ਧਿਆਨ ਸਿੰਘ ਭੱਟੀਵਾਲ ਨੇ ਆਪਣੀ ਗੱਲ ਰੱਖਦਿਆਂ ਸਰਕਾਰ ਤੋਂ ਬਿਜਲੀ ਸਪਲਾਈ ਨੂੰ ਤੁਰੰਤ ਨਿਰਵਿਘਨ ਕਰਨ ਦੀ ਮੰਗ ਕੀਤੀ ਹੈ।



