ਬਟਾਲਾ : ਬਟਾਲਾ ਪੁਲਿਸ ਅਧੀਨ ਆਉਂਦੇ ਥਾਣਾ ਸੇਖਵਾਂ ਤੋਂ ਇੱਕ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਹਵਾਲਾਤ ਵਿੱਚ ਬੰਦ ਦੋ ਖ਼ਤਰਨਾਕ ਦੋਸ਼ੀਆਂ ਨੇ ਹਵਾਲਾਤ ਦਾ ਤਾਲਾ ਤੋੜ ਕੇ ਪੁਲਿਸ ਨੂੰ ਚਕਮਾ ਦਿੱਤਾ ਅਤੇ ਫਰਾਰ ਹੋ ਗਏ।
ਗੰਭੀਰ ਮਾਮਲਿਆਂ ਵਿੱਚ ਸਨ ਬੰਦ
ਡੀਐਸਪੀ ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਫਰਾਰ ਹੋਏ ਦੋਸ਼ੀਆਂ ਵਿੱਚੋਂ ਇੱਕ ਗੁਰਮੀਤ ਸਿੰਘ ਹੈ, ਜਿਸ ਉੱਤੇ ਕਤਲ (ਧਾਰਾ 302) ਦਾ ਮੁਕੱਦਮਾ ਦਰਜ ਸੀ ਅਤੇ ਉਹ ਇੱਕ ਦਿਨ ਦੇ ਪੁਲਿਸ ਰਿਮਾਂਡ ‘ਤੇ ਸੀ। ਦੂਜਾ ਦੋਸ਼ੀ ਹਰਪਾਲ ਸਿੰਘ ਹੈ, ਜੋ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੁਲਿਸ ਹਿਰਾਸਤ ਵਿੱਚ ਸੀ। ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਇਨ੍ਹਾਂ ਦੋਵਾਂ ਦੋਸ਼ੀਆਂ ਨੇ ਹਵਾਲਾਤ ਦਾ ਤਾਲਾ ਤੋੜਿਆ ਅਤੇ ਉੱਥੋਂ ਨਿਕਲ ਗਏ।
ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ
ਇਸ ਘਟਨਾ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ। ਡੀਐਸਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਜਾਂਚ ਦਾ ਮੁੱਖ ਵਿਸ਼ਾ ਹੈ ਕਿ ਇਹ ਦੋਵੇਂ ਦੋਸ਼ੀ ਇੰਨੀ ਸੁਰੱਖਿਆ ਦੇ ਬਾਵਜੂਦ ਕਿਵੇਂ ਫਰਾਰ ਹੋਣ ਵਿੱਚ ਕਾਮਯਾਬ ਹੋਏ ਅਤੇ ਇਸ ਵਿੱਚ ਕਿਸ ਪੁਲਿਸ ਮੁਲਾਜ਼ਮ ਦੀ ਅਣਗਹਿਲੀ ਰਹੀ ਹੈ।
ਦੋਸ਼ੀਆਂ ਦੀ ਭਾਲ ਲਈ ਟੀਮਾਂ ਗਠਿਤ
ਡੀਐਸਪੀ ਨੇ ਭਰੋਸਾ ਦਿੱਤਾ ਕਿ ਫਰਾਰ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਇਲਾਕੇ ਭਰ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀਆਂ ਨੂੰ ਬਹੁਤ ਜਲਦ ਮੁੜ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।



