ਤੇਹਰਾਨ: ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਖਿੱਚੋਤਾਣ ਦਰਮਿਆਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਈਰਾਨ ਦੇ ਰੈਵੋਲਿਊਸ਼ਨਰੀ ਗਾਰਡ (IRGC) ਨੇ ਸਵੇਰੇ ਕਰੀਬ 7:55 ਵਜੇ ਹਰਮੁਜ਼ ਜਲਡਮਰੂਮੱਧ ਵਿੱਚ ਇੱਕ ਕੰਟੇਨਰ ਜਹਾਜ਼ ‘ਤੇ ਅਚਾਨਕ ਗੋਲੀਬਾਰੀ ਕਰ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਹਮਲਾ ਅਮਰੀਕਾ ਵੱਲੋਂ ਜੰਗਬੰਦੀ ਦੀ ਘੋਸ਼ਣਾ ਕੀਤੇ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਕੀਤਾ ਗਿਆ ਹੈ।
ਬਿਨਾਂ ਕਿਸੇ ਚੇਤਾਵਨੀ ਦੇ ਕੀਤਾ ਹਮਲਾ
ਬ੍ਰਿਟਿਸ਼ ਫੌਜ ਦੇ ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪਰੇਸ਼ਨਜ਼ ਨੇ ਪੁਸ਼ਟੀ ਕੀਤੀ ਹੈ ਕਿ ਈਰਾਨੀ ਸੈਨਿਕਾਂ ਨੇ ਜਹਾਜ਼ ‘ਤੇ ਹਮਲਾ ਕਰਨ ਤੋਂ ਪਹਿਲਾਂ ਕੋਈ ਚੇਤਾਵਨੀ ਨਹੀਂ ਦਿੱਤੀ। ਰਾਹਤ ਦੀ ਗੱਲ ਇਹ ਹੈ ਕਿ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਦੂਜੇ ਪਾਸੇ, ਈਰਾਨ ਦੀ ਇੱਕ ਨਿਊਜ਼ ਏਜੰਸੀ ਨੇ ਇਸ ਕਾਰਵਾਈ ਨੂੰ ਹਰਮੁਜ਼ ਜਲਡਮਰੂਮੱਧ ‘ਤੇ ਆਪਣੇ ਕਾਨੂੰਨੀ ਅਧਿਕਾਰਾਂ ਨੂੰ ਲਾਗੂ ਕਰਨ ਦਾ ਕਦਮ ਦੱਸਿਆ ਹੈ।
ਪਾਕਿਸਤਾਨ ‘ਚ ਚੱਲ ਰਹੀਆਂ ਗੱਲਬਾਤ ਹੋਈਆਂ ਫੇਲ੍ਹ
ਇਹ ਘਟਨਾ ਅਜਿਹੇ ਸਮੇਂ ‘ਚ ਵਾਪਰੀ ਹੈ ਜਦੋਂ ਪਾਕਿਸਤਾਨ ਵਿੱਚ ਚੱਲ ਰਹੀ ਜੰਗਬੰਦੀ ਸਬੰਧੀ ਗੱਲਬਾਤ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਸਕੀ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਹਮਲਾ ਖੇਤਰੀ ਤਣਾਅ ਨੂੰ ਹੋਰ ਵਧਾ ਸਕਦਾ ਹੈ। ਗੌਰਤਲਬ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਅਤੇ ਈਰਾਨ ਵਿਚਾਲੇ ਸਮੁੰਦਰੀ ਜਹਾਜ਼ਾਂ ਨੂੰ ਲੈ ਕੇ ਟਕਰਾਅ ਵਧਿਆ ਹੋਇਆ ਹੈ। ਪਿਛਲੇ ਹਫ਼ਤੇ ਹੀ ਅਮਰੀਕੀ ਫੌਜ ਨੇ ਗੋਲੀਬਾਰੀ ਕਰਕੇ ਈਰਾਨ ਦੇ ਇੱਕ ਕੰਟੇਨਰ ਜਹਾਜ਼ ਨੂੰ ਕਬਜ਼ੇ ਵਿੱਚ ਲੈ ਲਿਆ ਸੀ, ਜਿਸ ਤੋਂ ਬਾਅਦ ਹਿੰਦ ਮਹਾਸਾਗਰ ਵਿੱਚ ਈਰਾਨ ਦੇ ਇੱਕ ਤੇਲ ਟੈਂਕਰ ਨੂੰ ਵੀ ਰੋਕੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।



