ਤਲਵਾੜਾ : ਹਲਕਾ ਦਸੂਹਾ ਦੇ ਬਲਾਕ ਤਲਵਾੜਾ ਦੇ ਪਿੰਡਾਂ ਲਈ ਅੱਜ ਦਾ ਦਿਨ ਵੱਡੀ ਖੁਸ਼ਖਬਰੀ ਲੈ ਕੇ ਆਇਆ। ਇਲਾਕਾ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਟਰਾਂਸਪੋਰਟ ਦੀ ਮੰਗ ਨੂੰ ਪੂਰਾ ਕਰਦਿਆਂ, ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਤਲਵਾੜਾ ਬੱਸ ਸਟੈਂਡ ਤੋਂ ਨਵੀਂ ਮਿੰਨੀ ਬੱਸ ਸੇਵਾ ਦੀ ਸ਼ੁਰੂਆਤ ਕੀਤੀ। ਵਿਧਾਇਕ ਘੁੰਮਣ ਨੇ ਨਾ ਸਿਰਫ਼ ਬੱਸ ਨੂੰ ਹਰੀ ਝੰਡੀ ਦਿਖਾਈ, ਸਗੋਂ ਖੁਦ ਬੱਸ ਵਿੱਚ ਸਵਾਰ ਹੋ ਕੇ ਪਿੰਡ ਤੱਕ ਦਾ ਸਫ਼ਰ ਵੀ ਤੈਅ ਕੀਤਾ।
ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
ਇਸ ਮੌਕੇ ਜਾਣਕਾਰੀ ਦਿੰਦਿਆਂ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਇਸ ਖੇਤਰ ਦੇ ਕਈ ਪਿੰਡ ਅਜਿਹੇ ਸਨ ਜਿੱਥੇ ਕੋਈ ਵੀ ਸਰਕਾਰੀ ਜਾਂ ਨਿੱਜੀ ਬੱਸ ਨਹੀਂ ਜਾਂਦੀ ਸੀ। ਇਸ ਕਾਰਨ ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਰੋਜ਼ਾਨਾ ਕੰਮ ‘ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅੱਜ ਇਸ ਮਿੰਨੀ ਬੱਸ ਦੇ ਸ਼ੁਰੂ ਹੋਣ ਨਾਲ ਲੋਕਾਂ ਦੀ ਖੱਜਲ-ਖੁਆਰੀ ਖ਼ਤਮ ਹੋਵੇਗੀ।
ਤਲਵਾੜਾ ਤੋਂ ਹੁਸ਼ਿਆਰਪੁਰ ਤੱਕ ਦਾ ਤੈਅ ਹੋਵੇਗਾ ਸਫ਼ਰ
ਵਿਧਾਇਕ ਨੇ ਦੱਸਿਆ ਕਿ ਇਹ ਮਿੰਨੀ ਬੱਸ ਤਲਵਾੜਾ ਬੱਸ ਸਟੈਂਡ ਤੋਂ ਚੱਲ ਕੇ ਵੱਖ-ਵੱਖ ਅੱਡਿਆਂ ਤੋਂ ਹੁੰਦੀ ਹੋਈ ਪਿੰਡ ਧਰਮਪੁਰ ਪਹੁੰਚੇਗੀ ਅਤੇ ਉਥੋਂ ਅੱਗੇ ਹੁਸ਼ਿਆਰਪੁਰ ਲਈ ਰਵਾਨਾ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਨ ਲਈ ਵਚਨਬੱਧ ਹੈ।
ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ
ਬੱਸ ਸੇਵਾ ਸ਼ੁਰੂ ਹੋਣ ‘ਤੇ ਪਿੰਡ ਧਰਮਪੁਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਥਾਨਕ ਨਿਵਾਸੀਆਂ ਨੇ ਵਿਧਾਇਕ ਘੁੰਮਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਈ ਸਾਲਾਂ ਪੁਰਾਣੀ ਮੰਗ ਅੱਜ ਹਕੀਕਤ ਬਣੀ ਹੈ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਪਤਵੰਤੇ ਸੱਜਣ ਅਤੇ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

