ਨਵੀਂ ਦਿੱਲੀ: ਮਸ਼ਹੂਰ ਰੈਪਰ ਹਨੀ ਸਿੰਘ ਅਤੇ ਗਾਇਕ ਬਾਦਸ਼ਾਹ ਇੱਕ ਵਾਰ ਫਿਰ ਆਪਣੇ ਪੁਰਾਣੇ ਵਿਵਾਦਿਤ ਗਾਣੇ ਨੂੰ ਲੈ ਕੇ ਕਾਨੂੰਨੀ ਸ਼ਿਕੰਜੇ ਵਿੱਚ ਫਸ ਗਏ ਹਨ। ਦਿੱਲੀ ਹਾਈ ਕੋਰਟ ਨੇ ਸਾਲ 2000 ਦੇ ਇੱਕ ਅਤਿ ਅਸ਼ਲੀਲ ਅਤੇ ਵਿਵਾਦਿਤ ਗਾਣੇ ਨੂੰ ਲੈ ਕੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਇਸ ਨੂੰ ਸਾਰੇ ਡਿਜੀਟਲ ਪਲੇਟਫਾਰਮਾਂ ਤੋਂ ਤੁਰੰਤ ਹਟਾਉਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੀ ਸਮੱਗਰੀ ਸਭਿਅਕ ਸਮਾਜ ਲਈ ਕਲੰਕ ਹੈ।
‘ਮਾਫੀਆ ਮੰਡੀਰ‘ ਦੌਰ ਦਾ ਉਹ ਗਾਣਾ, ਜਿਸ ਨੇ ਹਿਲਾ ਦਿੱਤੀ ਕੋਰਟ ਦੀ ਅੰਤਰਆਤਮਾ
ਜਸਟਿਸ ਪੁਰੂਸ਼ੇਂਦਰ ਕੌਰਵ ਨੇ ‘ਹਿੰਦੂ ਸ਼ਕਤੀ ਦਲ’ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇਹ ਫੈਸਲਾ ਸੁਣਾਇਆ। ਸੁਣਵਾਈ ਦੌਰਾਨ ਜਦੋਂ ਅਦਾਲਤ ਵਿੱਚ ਗਾਣਾ ਸੁਣਿਆ ਗਿਆ, ਤਾਂ ਜੱਜ ਨੇ ਟਿੱਪਣੀ ਕੀਤੀ ਕਿ ਇਹ ਉਨ੍ਹਾਂ ਬਹੁਤ ਘੱਟ ਮਾਮਲਿਆਂ ਵਿੱਚੋਂ ਇੱਕ ਹੈ ਜਿਸ ਨੇ ‘ਅਦਾਲਤ ਦੀ ਅੰਤਰਆਤਮਾ ਨੂੰ ਅੰਦਰ ਤੱਕ ਝਕਝੋਰ ਕੇ ਰੱਖ ਦਿੱਤਾ ਹੈ।’ ਅਦਾਲਤ ਅਨੁਸਾਰ, ਇਸ ਗਾਣੇ ਦੇ ਬੋਲ ਨਾ ਸਿਰਫ਼ ਅਸ਼ਲੀਲ ਹਨ, ਸਗੋਂ ਔਰਤਾਂ ਦੀ ਮਰਿਆਦਾ ਦੇ ਖ਼ਿਲਾਫ਼ ਅਤੇ ਬੇਹੱਦ ਅਪਮਾਨਜਨਕ ਹਨ।
ਕੀ ਹੈ ਪੂਰਾ ਮਾਮਲਾ?
ਹਨੀ ਸਿੰਘ ਅਤੇ ਬਾਦਸ਼ਾਹ ਨੇ ਸਾਲ 2000 ਦੇ ਆਸ-ਪਾਸ ‘ਮਾਫੀਆ ਮੰਡੀਰ’ ਨਾਮ ਦਾ ਇੱਕ ਗਰੁੱਪ ਬਣਾਇਆ ਸੀ। ਉਸ ਸਮੇਂ ਉਨ੍ਹਾਂ ਨੇ ਕਈ ਗਾਣੇ ਲਿਖੇ ਅਤੇ ਗਾਏ ਸਨ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਸੀ ਕਿ ਹਾਲ ਹੀ ਵਿੱਚ ਇੱਕ ਕੰਸਰਟ ਦੌਰਾਨ ਹਨੀ ਸਿੰਘ ਨੇ ਇਸੇ ਵਿਵਾਦਿਤ ਗਾਣੇ ਦੀਆਂ ਕੁਝ ਲਾਈਨਾਂ ਗਾਈਆਂ ਸਨ, ਜਿਸ ਨਾਲ ਇਹ ਸਾਬਤ ਹੋ ਗਿਆ ਕਿ ਇਹ ਗਾਣਾ ਉਨ੍ਹਾਂ ਦਾ ਹੀ ਹੈ। ਅਦਾਲਤ ਨੇ ਕਿਹਾ ਕਿ ਇਸ ਗਾਣੇ ਵਿੱਚ ਕੋਈ ਵੀ ਕਲਾਤਮਕ ਜਾਂ ਸਮਾਜਿਕ ਮੁੱਲ ਨਹੀਂ ਹੈ, ਇਸ ਲਈ ਇਸ ਨੂੰ ਆਨਲਾਈਨ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਅਦਾਲਤ ਦੇ ਸਖ਼ਤ ਨਿਰਦੇਸ਼: URL ਤੁਰੰਤ ਕਰੋ ਬਲੌਕ
ਦਿੱਲੀ ਹਾਈ ਕੋਰਟ ਨੇ ਹਨੀ ਸਿੰਘ ਅਤੇ ਬਾਦਸ਼ਾਹ ਨੂੰ ਕੁਝ ਨਿਰਦੇਸ਼ ਜਾਰੀ ਕੀਤੇ ਹਨ। ਸਾਰੇ ਸੋਸ਼ਲ ਮੀਡੀਆ ਹੈਂਡਲਜ਼, ਮਿਊਜ਼ਿਕ ਪਲੇਟਫਾਰਮਾਂ ਅਤੇ ਵੀਡੀਓ ਸ਼ੇਅਰਿੰਗ ਸਾਈਟਾਂ ਤੋਂ ਇਸ ਗਾਣੇ ਦੇ URL ਤੁਰੰਤ ਹਟਾਏ ਜਾਣ। ਜੋ ਵੀ ਵਿਅਕਤੀ ਜਾਂ ਕੰਪਨੀ ਇਸ ਗਾਣੇ ‘ਤੇ ਕਿਸੇ ਵੀ ਤਰ੍ਹਾਂ ਦਾ ਅਧਿਕਾਰ ਜਤਾ ਰਹੀ ਹੈ, ਉਹ ਇਸ ਨੂੰ ਡਿਜੀਟਲ ਦੁਨੀਆ ਤੋਂ ਮਿਟਾ ਦੇਵੇ। ਸੰਬੰਧਿਤ ਪਲੇਟਫਾਰਮਾਂ ਨੂੰ ਇਨ੍ਹਾਂ ਲਿੰਕਸ ਨੂੰ ਤੁਰੰਤ ਬਲੌਕ ਕਰਨ ਦੇ ਹੁਕਮ ਦਿੱਤੇ ਗਏ ਹਨ।
ਅਗਲੀ ਸੁਣਵਾਈ 7 ਮਈ ਨੂੰ
ਅਦਾਲਤ ਨੇ ਦੋਵਾਂ ਗਾਇਕਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 7 ਮਈ ਨੂੰ ਹੋਵੇਗੀ। ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਅਦਾਲਤ ਦਾ ਇਹ ਸਖ਼ਤ ਰੁਖ਼ ਭਵਿੱਖ ਵਿੱਚ ਗਾਇਕਾਂ ਅਤੇ ਕਲਾਕਾਰਾਂ ਲਈ ਇੱਕ ਸਬਕ ਹੋਵੇਗਾ ਕਿ ਉਹ ਪ੍ਰਸਿੱਧੀ ਲਈ ਅਸ਼ਲੀਲਤਾ ਦਾ ਸਹਾਰਾ ਨਾ ਲੈਣ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਆਪਣੇ ਜੱਦੀ ਪਿੰਡ ਸਤੌਜ, ਚੀਮਾ ਵਿਖੇ 30 ਬਿਸਤਰਿਆਂ ਵਾਲੇ ਹਸਪਤਾਲ ਦਾ ਕੀਤਾ ਉਦਘਾਟਨ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



