ਲੁਧਿਆਣਾ : ਪੰਜਾਬ ’ਚ ਵੀਰਵਾਰ ਨੂੰ ਸੰਘਣੀ ਧੁੰਦ ਛਾਈ ਰਹੀ। ਤੇਜ਼ ਹਵਾ ਕਾਰਨ ਦਿਨ ਦੇ ਤਾਪਮਾਨ ’ਚ 10 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਅੰਮ੍ਰਿਤਸਰ ਸਭ ਤੋਂ ਠੰਢਾ ਰਿਹਾ ਜਿੱਥੇ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਵੱਧ ਤੋਂ ਵੱਧ ਤਾਪਮਾਨ 11.4 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਅਨੁਸਾਰ ਸੂਬੇ ’ਚ ਸੱਤ ਜਨਵਰੀ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਅੱਠ ਜਨਵਰੀ ਤੋੋਂ ਗੜਬੜ ਵਾਲੀਆਂ ਪੱਛਮੀ ਪੌਣਾਂ ਦੇ ਸਰਗਰਮ ਹੋਣ ਕਾਰਨ ਕੁਝ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼ ਹੋ ਸਕਦੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਅਨੁਸਾਰ ਲੁਧਿਆਣੇ ’ਚ 53 ਸਾਲ ਬਾਅਦ ਜਨਵਰੀ ’ਚ ਚਾਰ ਦਿਨਾਂ ਦੌਰਾਨ ਦੂਜੀ ਵਾਰ ਦਿਨ ਦਾ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ। 1970 ਤੋਂ ਬਾਅਦ ਚਾਰ ਜਨਵਰੀ ਨੂੰ ਲੁਧਿਆਣੇ ’ਚ ਦਿਨ ਦਾ ਤਾਪਮਾਨ 9.6 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਪਹਿਲਾਂ ਨਵੇਂ ਸਾਲ ਦੇ ਪਹਿਲੇ ਦਿਨ ਵੀ ਲੁਧਿਆਣੇ ਦਾ ਦਿਨ ਦਾ ਤਾਪਮਾਨ 9.5 ਡਿਗਰੀ ਸੈਲਸੀਅਸ ਰਿਹਾ ਸੀ।
ਵੀਰਵਾਰ ਨੂੰ ਘੱਟ ਤੋਂ ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਰਿਹਾ। ਦਿਨ ਤੇ ਰਾਤ ਦੇ ਤਾਪਮਾਨ ’ਚ ਮਹਿਜ਼ ਚਾਰ ਡਿਗਰੀ ਸੈਲਸੀਅਸ ਦਾ ਫ਼ਰਕ ਰਿਹਾ। ਇਸੇ ਤਰ੍ਹਾਂ ਬਠਿੰਡੇ ਦਾ ਦਿਨ ਦਾ ਤਾਪਮਾਨ 13.4 ਡਿਗਰੀ ਤੇ ਰਾਤ ਦਾ 5.6 ਡਿਗਰੀ, ਫ਼ਰੀਦਕੋਟ ’ਚ ਦਿਨ ਦਾ ਤਾਪਮਾਨ 10 ਤੇ ਰਾਤ ਦਾ 6.8 ਡਿਗਰੀ, ਗੁਰਦਾਸਪੁਰ ਦਾ ਦਿਨ ਦਾ ਤਾਪਮਾਨ 10 ਡਿਗਰੀ ਤੇ ਰਾਤ ਦਾ 6 ਡਿਗਰੀ ਤੇ ਪਟਿਆਲੇ ਦਾ ਦਿਨ ਦਾ ਤਾਪਮਾਨ 10.5 ਤੇ ਰਾਤ ਦਾ ਤਾਪਮਾਨ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


