ਮੋਗਾ: ਮੋਗਾ ਦੇ ਜੀਰਾ ਰੋਡ ‘ਤੇ ਸਥਿਤ ਇੱਕ ਸ਼ੈਲਰ ਵਿੱਚ ਖਾਣਾ ਖਾਣ ਜਾ ਰਹੇ ਪ੍ਰਵਾਸੀ ਮਜ਼ਦੂਰਾਂ ‘ਤੇ ਫਾਇਰਿੰਗ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਇੱਕ ਦਬੰਗ ਕਾਰਵਾਈ ਦੌਰਾਨ ਕਾਬੂ ਕਰ ਲਿਆ ਹੈ। ਐਤਵਾਰ ਨੂੰ ਹੋਈ ਪੁਲਿਸ ਮੁਠਭੇੜ ਤੋਂ ਬਾਅਦ ਦੋ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪ੍ਰਵਾਸੀ ਮਜ਼ਦੂਰਾਂ ‘ਤੇ ਹੋਇਆ ਸੀ ਜਾਨਲੇਵਾ ਹਮਲਾ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮੋਟਰਸਾਈਕਲ ਸਵਾਰਾਂ ਵੱਲੋਂ ਮੋਗਾ-ਜੀਰਾ ਰੋਡ ‘ਤੇ ਮਜ਼ਦੂਰਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਸੀ। ਇਸ ਹਮਲੇ ਵਿੱਚ ਦੋ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਫ਼ਰੀਦਕੋਟ ਦੇ ਮੈਡੀਕਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਮੋਗਾ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਤੇਜ਼ ਕਰ ਦਿੱਤੀ ਸੀ।
ਪੁਲਿਸ ਮੁਠਭੇੜ ਅਤੇ ਗ੍ਰਿਫ਼ਤਾਰੀ
ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਮਲੇ ਦੇ ਮੁਲਜ਼ਮ ਪਿੰਡ ਘੱਲਕਲਾਂ ਦੇ ਇਲਾਕੇ ਵਿੱਚ ਮੋਟਰਸਾਈਕਲ ‘ਤੇ ਘੁੰਮ ਰਹੇ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਲਾਕੇ ਦੀ ਘੇਰਾਬੰਦੀ ਕੀਤੀ। ਇਸ ਦੌਰਾਨ ਹੋਈ ਮੁਠਭੇੜ ਵਿੱਚ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜੋਬਨਪ੍ਰੀਤ ਸਿੰਘ (ਵਾਸੀ ਪਿੰਡ ਬੰਗਾਲੀ, ਫਿਰੋਜ਼ਪੁਰ) ਅਤੇ ਆਕਾਸ਼ਦੀਪ ਸਿੰਘ (ਵਾਸੀ ਪਿੰਡ ਥੰਮਣਵਾਲਾ) ਵਜੋਂ ਹੋਈ ਹੈ।
ਮੁਲਜ਼ਮਾਂ ਦਾ ਹਸਪਤਾਲ ਵਿੱਚ ਚੱਲ ਰਿਹਾ ਇਲਾਜ
ਮੁਠਭੇੜ ਦੌਰਾਨ ਜ਼ਖ਼ਮੀ ਹੋਏ ਦੋਵਾਂ ਮੁਲਜ਼ਮਾਂ ਨੂੰ ਭਾਰੀ ਸੁਰੱਖਿਆ ਹੇਠ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਹਸਪਤਾਲ ਦੇ ਸੂਤਰਾਂ ਅਨੁਸਾਰ ਦੋਵੇਂ ਪੁਲਿਸ ਦੀ ਨਿਗਰਾਨੀ ਹੇਠ ਹਨ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਮਜ਼ਦੂਰਾਂ ‘ਤੇ ਫਾਇਰਿੰਗ ਕਿਉਂ ਕੀਤੀ ਸੀ ਅਤੇ ਕੀ ਇਨ੍ਹਾਂ ਦਾ ਸਬੰਧ ਕਿਸੇ ਗੈਂਗ ਨਾਲ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਵਿਆਹ ਵਾਲੇ ਘਰ ਪਿਆ ਭੜਥੂ: ਸ਼ਗਨ ਤੋਂ ਕੁਝ ਘੰਟੇ ਪਹਿਲਾਂ ਦੁਲਹਨ ਹੋਈ ਫ਼ਰਾਰ, ਪੀੜਤ ਪਰਿਵਾਰ ਪਹੁੰਚਿਆ ਥਾਣੇ


