ਕੋਟਕਪੂਰਾ: ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਅਧੀਨ ਆਉਂਦੇ ਥਾਣਾ ਸਦਰ ਦੀ ਪੁਲਿਸ ਨੇ ਗਊ ਰੱਖਿਆ ਦਲ ਦੀ ਸ਼ਿਕਾਇਤ ‘ਤੇ ਮੁਸਤੈਦੀ ਦਿਖਾਉਂਦਿਆਂ ਗਊ ਤਸਕਰੀ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਕ ਕੈਂਟਰ ਵਿੱਚ ਲੱਦੀਆਂ 16 ਗਾਵਾਂ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਬਰਾਮਦ ਕੀਤੀਆਂ ਗਈਆਂ ਗਾਵਾਂ ਨੂੰ ਬੀੜ ਸਿੱਖਾਂ ਵਾਲਾ ਗਊਸ਼ਾਲਾ ਵਿਖੇ ਸੁਰੱਖਿਅਤ ਪਹੁੰਚਾ ਦਿੱਤਾ ਗਿਆ ਹੈ।
ਗੁਪਤ ਸੂਚਨਾ ਦੇ ਅਧਾਰ ‘ਤੇ ਕੀਤੀ ਗਈ ਨਾਕਾਬੰਦੀ
ਜਾਣਕਾਰੀ ਅਨੁਸਾਰ ਥਾਣਾ ਸਦਰ ਦੇ ਏ.ਐਸ.ਆਈ. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਗਊ ਰੱਖਿਆ ਦਲ ਦੇ ਆਗੂ ਅਤੇ ਬ੍ਰਿਧ ਆਸ਼ਰਮ ਦੇ ਮੁਖੀ ਮਹੰਤ ਗਰੀਬ ਦਾਸ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਗੁਰਮੇਲ ਸਿੰਘ ਨਾਮੀ ਵਿਅਕਤੀ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ, ਜੋ ਅਵਾਰਾ ਪਸ਼ੂਆਂ ਨੂੰ ਇਕੱਠਾ ਕਰਕੇ ਦੂਜੇ ਰਾਜਾਂ ਜਾਂ ਇਲਾਕਿਆਂ ਵਿੱਚ ਸਪਲਾਈ ਕਰਦਾ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕੈਂਟਰ ਨੂੰ ਘੇਰ ਲਿਆ ਅਤੇ ਮੌਕੇ ‘ਤੇ ਹੀ ਚਾਰ ਜਣਿਆਂ ਨੂੰ ਦਬੋਚ ਲਿਆ।
ਸਖ਼ਤ ਕਾਨੂੰਨ ਬਣਾਉਣ ਦੀ ਮੰਗ
ਇਸ ਮੌਕੇ ਮਹੰਤ ਗਰੀਬ ਦਾਸ ਨੇ ਦੱਸਿਆ ਕਿ ਮੁੱਖ ਮੁਲਜ਼ਮ ਗੁਰਮੇਲ ਸਿੰਘ ਵਿਰੁੱਧ ਪਹਿਲਾਂ ਵੀ ਗਊ ਤਸਕਰੀ ਦੇ ਕਈ ਮਾਮਲੇ ਦਰਜ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਜਾਣ ਅਤੇ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਸਰਕਾਰੀ ਗਊਸ਼ਾਲਾਵਾਂ ਦੇ ਹੋਰ ਪੁਖ਼ਤਾ ਪ੍ਰਬੰਧ ਕੀਤੇ ਜਾਣ।
ਪੁਲਿਸ ਦੀ ਅਗਲੇਰੀ ਕਾਰਵਾਈ
ਡੀ.ਐਸ.ਪੀ. ਕੋਟਕਪੂਰਾ ਸੰਜੀਵ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਪੁੱਛਗਿੱਛ ਦੌਰਾਨ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਗਾਵਾਂ ਕਿੱਥੇ ਸਪਲਾਈ ਕੀਤੀਆਂ ਜਾਣੀਆਂ ਸਨ ਅਤੇ ਇਸ ਗਿਰੋਹ ਵਿੱਚ ਹੋਰ ਕਿਹੜੇ ਲੋਕ ਸ਼ਾਮਲ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Valentine’s Day gift : ਸਲਮਾਨ ਖਾਨ ਦੀ ਫ਼ਿਲਮ ‘Battle of Galwan’ ਦਾ ਰੋਮਾਂਟਿਕ ਗੀਤ ‘Main hoon’ ਹੋਇਆ ਰਿਲੀਜ਼



