ਜਲੰਧਰ : ਜਲੰਧਰ ਦੇ ਦੂਰਦਰਸ਼ਨ ਐਨਕਲੇਵ ਇਲਾਕੇ ਵਿੱਚ ਇੱਕ ਕਲਯੁਗੀ ਪਿਓ ਵੱਲੋਂ ਆਪਣੀ ਹੀ 5 ਸਾਲਾ ਮਾਸੂਮ ਧੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਾਸੂਮ ਬੱਚੀ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਹ ਭੁੱਖ ਨਾਲ ਵਿਲਕ ਰਹੀ ਸੀ ਅਤੇ ਉਸ ਦਾ ਰੋਣਾ ਸ਼ਰਾਬੀ ਪਿਓ ਨੂੰ ਬਰਦਾਸ਼ਤ ਨਹੀਂ ਹੋਇਆ। ਇਸ ਮਾਮਲੇ ਵਿੱਚ ਥਾਂਣਾ ਨੰਬਰ 7 ਦੀ ਪੁਲਿਸ ਨੇ ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਭੁੱਖ ਨਾਲ ਰੋ ਰਹੀ ਸੀ ਨਿਹਾਰਿਕਾ, ਪਿਓ ਨੇ ਪਟਕ-ਪਟਕ ਕੇ ਮਾਰਿਆ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮ ਅਰਵਿੰਦ ਕੁਮਾਰ ਨਸ਼ੇ ਦਾ ਆਦੀ ਹੈ ਅਤੇ ਕੋਈ ਕੰਮ ਨਹੀਂ ਕਰਦਾ ਸੀ। 3 ਫਰਵਰੀ ਨੂੰ ਜਦੋਂ ਬੱਚੀ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਗਈ ਹੋਈ ਸੀ, ਤਾਂ ਘਰ ਵਿੱਚ ਅਰਵਿੰਦ ਅਤੇ 5 ਸਾਲਾ ਨਿਹਾਰਿਕਾ ਇਕੱਲੇ ਸਨ। ਦੁਪਹਿਰ ਵੇਲੇ ਜਦੋਂ ਨਿਹਾਰਿਕਾ ਨੇ ਭੁੱਖ ਲੱਗਣ ‘ਤੇ ਰੋਣਾ ਸ਼ੁਰੂ ਕੀਤਾ, ਤਾਂ ਨਸ਼ੇ ਵਿੱਚ ਧੁੱਤ ਅਰਵਿੰਦ ਨੇ ਪਹਿਲਾਂ ਉਸ ਦੇ ਮੂੰਹ ਵਿੱਚ ਸ਼ਰਾਬ ਪਾ ਕੇ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਬੱਚੀ ਫਿਰ ਵੀ ਨਾ ਹਟੀ ਤਾਂ ਉਸ ਨੇ ਬੱਚੀ ਨੂੰ ਜ਼ਮੀਨ ‘ਤੇ ਪਟਕਣਾ ਸ਼ੁਰੂ ਕਰ ਦਿੱਤਾ ਅਤੇ ਅਖੀਰ ਗਲਾ ਘੁੱਟ ਕੇ ਉਸ ਦੀ ਜਾਨ ਲੈ ਲਈ।
ਗੁਆਂਢੀਆਂ ਦੇ ਬਿਆਨਾਂ ‘ਤੇ ਦਰਜ ਹੋਇਆ ਮਾਮਲਾ
ਪੁਲਿਸ ਅਨੁਸਾਰ ਮੁਲਜ਼ਮ ਅਕਸਰ ਆਪਣੀ ਪਤਨੀ ਅਤੇ ਬੱਚਿਆਂ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ। ਇਸ ਵਾਰ ਜਦੋਂ ਗੁਆਂਢੀ ਹਿੰਮਤ ਕੁਮਾਰ ਨੂੰ ਘਟਨਾ ਦਾ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਕਿ ਮਾਸੂਮ ਬੱਚੀ ਦੀ ਮੌਤ ਹੋ ਚੁੱਕੀ ਸੀ। ਮੁਲਜ਼ਮ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ।
ਮਾਂ ‘ਤੇ ਟੁੱਟਿਆ ਦੁੱਖਾਂ ਦਾ ਪਹਾੜ; ਮੁਲਜ਼ਮ 2 ਦਿਨਾਂ ਰਿਮਾਂਡ ‘ਤੇ
ਜਦੋਂ ਬੱਚੀ ਦੀ ਮਾਂ ਕੰਮ ਤੋਂ ਵਾਪਸ ਆਈ ਅਤੇ ਉਸ ਨੇ ਆਪਣੀ ਲਾਡਲੀ ਧੀ ਦੀ ਲਾਸ਼ ਦੇਖੀ ਤਾਂ ਉਸ ਦੀ ਹਾਲਤ ਬੇਹੱਦ ਖਰਾਬ ਹੋ ਗਈ। ਪਰਿਵਾਰ ਵਿੱਚ ਹੁਣ ਸਿਰਫ਼ ਇੱਕ ਡੇਢ ਸਾਲ ਦਾ ਬੇਟਾ ਬਚਿਆ ਹੈ। ਪੁਲਿਸ ਨੇ ਮੁਲਜ਼ਮ ਅਰਵਿੰਦ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ, ਜਿੱਥੇ ਮਾਨਯੋਗ ਅਦਾਲਤ ਨੇ ਉਸ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੁਲਿਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਕੀ ਮੁਲਜ਼ਮ ਨੇ ਪਹਿਲਾਂ ਵੀ ਬੱਚਿਆਂ ‘ਤੇ ਅਜਿਹੇ ਘਾਤਕ ਹਮਲੇ ਕੀਤੇ ਸਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਫਤਿਹਗੜ੍ਹ ਸਾਹਿਬ: ਵਕੀਲਾਂ ਵੱਲੋਂ ਅਦਾਲਤੀ ਕੰਮਕਾਜ ਦਾ ਮੁਕੰਮਲ ਬਾਈਕਾਟ; ਤਿੰਨ ਦਿਨਾਂ ‘ਨੋ ਵਰਕ’ ਹੜਤਾਲ ਸ਼ੁਰੂ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



