ਅਬੋਹਰ : ਅਬੋਹਰ ਤਹਿਸੀਲ ਦੇ ਪਿੰਡ ਧਰਾਂਗਵਾਲਾ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਐਤਵਾਰ ਨੂੰ ਇੱਕ ਫੁੱਟਬਾਲ ਟੂਰਨਾਮੈਂਟ ਦੌਰਾਨ 14 ਸਾਲਾ ਨੌਜਵਾਨ ਖਿਡਾਰੀ ਦੀ ਮੈਦਾਨ ਵਿੱਚ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਮੀਤ ਵਜੋਂ ਹੋਈ ਹੈ, ਜੋ ਪਿੰਡ ਆਲਮਵਾਲਾ ਦਾ ਰਹਿਣ ਵਾਲਾ ਸੀ। ਖੁਸ਼ੀਆਂ ਭਰੇ ਮਾਹੌਲ ਵਿੱਚ ਵਾਪਰੀ ਇਸ ਘਟਨਾ ਨੇ ਖਿਡਾਰੀਆਂ ਅਤੇ ਪਿੰਡ ਵਾਸੀਆਂ ਨੂੰ ਸੁੰਨ ਕਰ ਦਿੱਤਾ ਹੈ।
ਮੈਚ ਦੌਰਾਨ ਅਚਾਨਕ ਮੈਦਾਨ ਵਿੱਚ ਡਿੱਗਿਆ ਜਸਮੀਤ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਧਰਾਂਗਵਾਲਾ ਦੇ ਸਪੋਰਟਸ ਕਲੱਬ ਵੱਲੋਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ। ਪਿੰਡ ਆਲਮਵਾਲਾ ਦੀ ਟੀਮ ਵੱਲੋਂ ਖੇਡ ਰਿਹਾ ਨੌਵੀਂ ਜਮਾਤ ਦਾ ਵਿਦਿਆਰਥੀ ਜਸਮੀਤ ਮੈਚ ਦੌਰਾਨ ਅਚਾਨਕ ਜ਼ਮੀਨ ‘ਤੇ ਡਿੱਗ ਪਿਆ। ਸਾਥੀ ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਤੁਰੰਤ ਉਸ ਨੂੰ ਚੁੱਕ ਕੇ ਨਜ਼ਦੀਕੀ ਡਾਕਟਰ ਕੋਲ ਪਹੁੰਚਾਇਆ। ਹਾਲਤ ਗੰਭੀਰ ਦੇਖਦਿਆਂ ਉਸ ਨੂੰ ਅਬੋਹਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਤਿੰਨ ਭੈਣਾਂ ਦਾ ਇਕਲੌਤਾ ਭਰਾ ਅਤੇ ਮਾਪਿਆਂ ਦਾ ਸਹਾਰਾ ਸੀ ਮ੍ਰਿਤਕ
ਜਸਮੀਤ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਜਸਮੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਤਿੰਨ ਭੈਣਾਂ ਦਾ ਸਭ ਤੋਂ ਛੋਟਾ ਭਰਾ ਸੀ। ਉਸ ਦੇ ਪਿਤਾ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਸਮੀਤ ਨੂੰ ਖੇਡਾਂ ਦਾ ਬਹੁਤ ਸ਼ੌਕ ਸੀ ਅਤੇ ਉਹ ਬਿਲਕੁਲ ਤੰਦਰੁਸਤ ਸੀ, ਉਸ ਨੂੰ ਕੋਈ ਬਿਮਾਰੀ ਨਹੀਂ ਸੀ।
ਇਲਾਕੇ ਵਿੱਚ ਸੋਗ ਦੀ ਲਹਿਰ
ਇਸ ਘਟਨਾ ਤੋਂ ਬਾਅਦ ਪਿੰਡ ਧਰਾਂਗਵਾਲਾ ਅਤੇ ਆਲਮਵਾਲਾ ਵਿੱਚ ਮਾਤਮ ਦਾ ਮਾਹੌਲ ਹੈ। ਟੂਰਨਾਮੈਂਟ ਦੇ ਪ੍ਰਬੰਧਕਾਂ ਅਤੇ ਇਲਾਕਾ ਨਿਵਾਸੀਆਂ ਨੇ ਜਸਮੀਤ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਥਾਨਕ ਲੋਕਾਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਇਸ ਘਟਨਾ ਨੇ ਖੇਡ ਜਗਤ ਨੂੰ ਡੂੰਘਾ ਸਦਮਾ ਦਿੱਤਾ ਹੈ।



